US, Israel attack Iran: ਅਮਰੀਕਾ ਅਤੇ ਇਜ਼ਰਾਈਲ ਇਰਾਨ ‘ਤੇ ਬਹੁਤ ਵੱਡਾ ਫੌਜੀ ਹਮਲਾ ਜਾਰੀ ਹੈ। ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨੀ ਜਨਤਾ ਨੂੰ “ਆਪਣੀ ਕਿਸਮਤ ਦਾ ਕੰਟਰੋਲ ਸੰਭਾਲਣ” ਅਤੇ 1979 ਤੋਂ ਦੇਸ਼ ‘ਤੇ ਰਾਜ ਕਰ ਰਹੀ ਇਸਲਾਮੀ ਲੀਡਰਸ਼ਿਪ ਵਿਰੁੱਧ ਉੱਠ ਖੜ੍ਹੇ ਹੋਣ ਦਾ ਸੱਦਾ ਦਿੱਤਾ ਹੈ। ਪਹਿਲੇ ਹਮਲਿਆਂ ਵਿੱਚ ਸੁਪਰੀਮ ਲੀਡਰ ਆਇਤੁੱਲਾ ਅਲੀ ਖਾਮੇਨੇਈ ਦੇ ਦਫਤਰਾਂ ਦੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਜਾਪਦਾ ਹੈ ਅਤੇ ਇਰਾਨੀ ਮੀਡੀਆ ਨੇ ਦੇਸ਼ ਵਿਆਪੀ ਹਮਲਿਆਂ ਦੀ ਰਿਪੋਰਟ ਦਿੱਤੀ ਹੈ। ਰਾਜਧਾਨੀ ਤੇਹਰਾਨ ਤੋਂ ਧੂੰਏਂ ਦੇ ਬੱਦਲ ਉੱਠਦੇ ਦੇਖੇ ਗਏ।
ਟਰੰਪ ਨੇ “ਵੱਡੀ ਜੰਗੀ ਕਾਰਵਾਈ” ਦਾ ਐਲਾਨ ਕਰਦਿਆਂ ਇੱਕ ਵੀਡੀਓ ਵਿੱਚ ਕਿਹਾ,”ਜਦੋਂ ਅਸੀਂ ਖਤਮ ਕਰ ਲਵਾਂਗੇ,ਤਾਂ ਆਪਣੀ ਸਰਕਾਰ ਨੂੰ ਸੰਭਾਲ ਲਓ। ਇਹ ਤੁਹਾਡੀ ਹੋਵੇਗੀ। ਸ਼ਾਇਦ ਪੀੜ੍ਹੀਆਂ ਲਈ ਇਹ ਤੁਹਾਡਾ ਇੱਕੋ ਇੱਕ ਮੌਕਾ ਹੋਵੇਗਾ।” ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਇਸ ਦਾ ਸਮਰਥਨ ਕਰਦਿਆਂ ਕਿਹਾ ਕਿ ਇਹ ਸਾਂਝਾ ਅਪਰੇਸ਼ਨ ਬਹਾਦਰ ਇਰਾਨੀ ਲੋਕਾਂ ਲਈ ਆਪਣੀ ਕਿਸਮਤ ਆਪਣੇ ਹੱਥਾਂ ਵਿੱਚ ਲੈਣ ਦੇ ਹਾਲਾਤ ਪੈਦਾ ਕਰੇਗਾ। ਇਹ ਹਮਲੇ ਅਮਰੀਕੀ ਦਖਲਅੰਦਾਜ਼ੀ ਦਾ ਇੱਕ ਨਵਾਂ ਅਧਿਆਏ ਹਨ ਅਤੇ ਅੱਠ ਮਹੀਨਿਆਂ ਵਿੱਚ ਦੂਜੀ ਵਾਰ ਹੈ ਜਦੋਂ ਟਰੰਪ ਪ੍ਰਸ਼ਾਸਨ ਨੇ ਇਰਾਨ ਵਿਰੁੱਧ ਫੌਜੀ ਤਾਕਤ ਦੀ ਵਰਤੋਂ ਕੀਤੀ ਹੈ।
ਇਰਾਨ ਨੇ ਵੀ ਮਹੀਨਿਆਂ ਤੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਮੁਤਾਬਕ ਜਵਾਬੀ ਕਾਰਵਾਈ ਕੀਤੀ। ਪਹਿਲਾਂ ਇਜ਼ਰਾਈਲ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲਾਂ ਅਤੇ ਡਰੋਨਾਂ ਦੀ ਲਹਿਰ ਛੱਡੀ ਗਈ,ਜਿਸ ਤੋਂ ਬਾਅਦ ਬਹਿਰੀਨ,ਕੁਵੈਤ ਅਤੇ ਕਤਰ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਸੰਯੁਕਤ ਅਰਬ ਅਮੀਰਾਤ (UAE) ਅਤੇ ਇਰਾਕ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ। ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੇਸ਼ ਆਪਣੀ ਰੱਖਿਆ ਲਈ “ਝਿਜਕੇਗਾ ਨਹੀਂ”। ਇਰਾਨੀ ਨਿਊਜ਼ ਏਜੰਸੀ ਇਰਨਾ ਮੁਤਾਬਕ ਦੱਖਣੀ ਇਰਾਨ ਦੇ ਮਿਨਾਬ ਵਿੱਚ ਇੱਕ ਕੁੜੀਆਂ ਦੇ ਸਕੂਲ ‘ਤੇ ਹੋਏ ਹਮਲੇ ਵਿੱਚ 40 ਵਿਦਿਆਰਥਣਾਂ ਦੀ ਮੌਤ ਹੋ ਗਈ।




