ਕੈਲਗਰੀ, 20 ਮਾਰਚ (ਦੇਸ ਪੰਜਾਬ ਟਾਇਮਜ਼):
ਅਲਬਰਟਾ ਹੈਲਥ ਸਰਵਿਸਿਜ਼ (AHS) ਵੱਲੋਂ ਬੱਚਿਆਂ ਦੀਆਂ ਦਵਾਈਆਂ ਦੀ ਖਰੀਦ ਪ੍ਰਕਿਰਿਆ ਵਿੱਚ ਕੀਤੀਆਂ ਗਈਆਂ ਵੱਡੀਆਂ ਵਿੱਤੀ ਬੇਨਿਯਮੀਆਂ ਅਤੇ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ । ਸੇਵਾਮੁਕਤ ਜੱਜ ਰੇਮੰਡ ਵਾਇੰਟ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਇੱਕ ਤਾਜ਼ਾ ਸਪਲੀਮੈਂਟਰੀ ਰਿਪੋਰਟ ਅਨੁਸਾਰ, ਏ.ਐਚ.ਐਸ. ਨੇ ਇੱਕ ਮੈਡੀਕਲ ਸਪਲਾਇਰ ਨਾਲ ਕੀਤੇ ਇਕਰਾਰਨਾਮੇ ਦੀ ਮੁੜ-ਗੱਲਬਾਤ ਦੌਰਾਨ ਕੀਮਤ ਵਿੱਚ 7 ਮਿਲੀਅਨ ਡਾਲਰ ਦਾ ਭਾਰੀ ਵਾਧਾ ਕੀਤਾ ਸੀ, ਜਿਸ ਦਾ ਫੋਰੈਂਸਿਕ ਅਕਾਊਂਟੈਂਟਸ ਕੋਈ ਵੀ ਵਾਜਬ ਕਾਰਨ ਜਾਂ ਦਸਤਾਵੇਜ਼ੀ ਸਬੂਤ ਨਹੀਂ ਲੱਭ ਸਕੇ ਹਨ । ਇਸ ਖੁਲਾਸੇ ਨੇ ਸੂਬੇ ਦੇ ਸਿਹਤ ਵਿਭਾਗ ਅਤੇ ਸਰਕਾਰੀ ਖਰਚਿਆਂ ਦੀ ਪਾਰਦਰਸ਼ਤਾ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ । ਵੇਰਵਿਆਂ ਅਨੁਸਾਰ, ਜੁਲਾਈ 2023 ਵਿੱਚ ਏ.ਐਚ.ਐਸ. ਨੇ ਮੈਡੀਕਲ ਸਪਲਾਇਰ ‘ਐਮ.ਐਚ.ਕੇਅਰ’ (MHCare) ਨਾਲ 56 ਮਿਲੀਅਨ ਡਾਲਰ ਦਾ ਪੰਜ ਸਾਲਾ ਨਵਾਂ ਇਕਰਾਰਨਾਮਾ ਸਹੀਬੱਧ ਕੀਤਾ ਸੀ । ਇਹ ਸੌਦਾ ਅਸਲ ਵਿੱਚ ਸਾਲ 2022 ਵਿੱਚ ਤੁਰਕੀ ਦੀ ਕੰਪਨੀ ‘ਅਤਾਬੇ ਫਾਰਮਾਸਿਊਟੀਕਲਜ਼’ ਤੋਂ 50 ਲੱਖ ਬੋਤਲਾਂ ਬੱਚਿਆਂ ਦੀਆਂ ਦਵਾਈਆਂ ਮੰਗਵਾਉਣ ਦੀ ਯੋਜਨਾ ਦਾ ਹਿੱਸਾ ਸੀ । ਜਦੋਂ ਹੈਲਥ ਕੈਨੇਡਾ ਨੇ ਇਨ੍ਹਾਂ ਸਾਰੀਆਂ ਦਵਾਈਆਂ ਦੀ ਦਰਾਮਦ ਨੂੰ ਮਨਜ਼ੂਰੀ ਨਹੀਂ ਦਿੱਤੀ, ਤਾਂ ਇਕਰਾਰਨਾਮੇ ਵਿੱਚ ਤਬਦੀਲੀ ਕੀਤੀ ਗਈ । ਜਾਂਚ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਕਤੂਬਰ 2025 ਤੱਕ ਜਨਤਾ ਦੇ 42 ਮਿਲੀਅਨ ਡਾਲਰ ਐਮ.ਐਚ.ਕੇਅਰ ਕੰਪਨੀ ਨੂੰ ਅਦਾ ਕੀਤੇ ਜਾ ਚੁੱਕੇ ਹਨ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਉਤਪਾਦ ਅਜੇ ਤੱਕ ਸਪਲਾਈ ਨਹੀਂ ਕੀਤੇ ਗਏ ਹਨ । ਫੋਰੈਂਸਿਕ ਜਾਂਚ ਫਰਮ ਆਰ.ਐਸ.ਐਮ. (RSM) ਦੀ ਸਹਾਇਤਾ ਨਾਲ ਤਿਆਰ ਕੀਤੀ ਗਈ ਇਸ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ 56 ਮਿਲੀਅਨ ਡਾਲਰ ਦੇ ਇਸ ਭਾਰੀ ਇਕਰਾਰਨਾਮੇ ਦੀ ਕੀਮਤ ਨੂੰ ਜਾਇਜ਼ ਠਹਿਰਾਉਣ ਲਈ ਫਾਈਲਾਂ ਵਿੱਚ ਕੋਈ ਪੁਖ਼ਤਾ ਆਧਾਰ ਮੌਜੂਦ ਨਹੀਂ ਹੈ ।
ਸਭ ਤੋਂ ਦੁਖਦਾਈ ਤੱਥ ਇਹ ਹੈ ਕਿ ਅਲਬਰਟਾ ਨੂੰ ਮਿਲੀਆਂ ਲਗਭਗ 15 ਲੱਖ ਬੋਤਲਾਂ ਵਿੱਚੋਂ ਸਿਰਫ਼ ਇੱਕ ਫੀਸਦੀ ਦਵਾਈਆਂ ਹੀ ਹਸਪਤਾਲਾਂ ਅਤੇ ਫਾਰਮੇਸੀਆਂ ਤੱਕ ਪਹੁੰਚ ਸਕੀਆਂ । ਬਾਕੀ ਬਚੀਆਂ ਦਵਾਈਆਂ ਵਿੱਚੋਂ 55 ਫੀਸਦੀ, ਯਾਨੀ ਲਗਭਗ 8 ਲੱਖ 7 ਹਜ਼ਾਰ ਬੋਤਲਾਂ ਨੂੰ ਸਵਾਨ ਹਿਲਜ਼ ਦੇ ਖ਼ਤਰਨਾਕ ਕੂੜੇ ਵਾਲੇ ਪਲਾਂਟ ਵਿੱਚ ਨਸ਼ਟ ਕਰ ਦਿੱਤਾ ਗਿਆ । ਬਾਕੀ ਦੀਆਂ 44 ਫੀਸਦੀ ਬੋਤਲਾਂ ਵਿਦੇਸ਼ਾਂ ਵਿੱਚ ਦਾਨ ਕਰ ਦਿੱਤੀਆਂ ਗਈਆਂ ਕਿਉਂਕਿ ਇਨ੍ਹਾਂ ਦੀ ਮਿਆਦ ਸਾਲ 2026 ਦੇ ਸ਼ੁਰੂ ਵਿੱਚ ਖ਼ਤਮ ਹੋ ਰਹੀ ਸੀ ।
ਜਸਟਿਸ ਵਾਇੰਟ ਨੇ ਆਪਣੀ ਜਾਂਚ ਵਿੱਚ ਇਹ ਵੀ ਖੁਲਾਸਾ ਕੀਤਾ ਕਿ ਤਤਕਾਲੀ ਸਿਹਤ ਮੰਤਰੀ ਜੇਸਨ ਕੋਪਿੰਗ ਨੇ ਹੈਲਥ ਕੈਨੇਡਾ ਦੀ ਰਸਮੀ ਮਨਜ਼ੂਰੀ ਮਿਲਣ ਤੋਂ ਪਹਿਲਾਂ ਹੀ ਦਵਾਈਆਂ ਦਾ ਆਰਡਰ ਦੇਣ ਲਈ ਏ.ਐਚ.ਐਸ. ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸਨ । ਜਾਂਚ ਵਿੱਚ ਪਾਇਆ ਗਿਆ ਕਿ ਸੂਬਾ ਸਰਕਾਰ ਨੇ ਅਧਿਕਾਰੀਆਂ ਦੀ ਲੋੜ ਦੇ ਅੰਦਾਜ਼ੇ ਨਾਲੋਂ ਲਗਭਗ 10 ਗੁਣਾ ਵੱਧ ਦਵਾਈਆਂ ਦਾ ਆਰਡਰ ਦੇ ਦਿੱਤਾ ਸੀ । ਇਸ ਪੂਰੇ ਮਾਮਲੇ ਵਿੱਚ ਏ.ਐਚ.ਐਸ. ਦੇ ਇੱਕ ਉੱਚ ਅਧਿਕਾਰੀ ਜਤਿੰਦਰ ਪ੍ਰਸਾਦ ਦੀ ਭੂਮਿਕਾ ਵੀ ਵਿਵਾਦਾਂ ਵਿੱਚ ਘਿਰੀ ਹੋਈ ਹੈ । ਰਿਪੋਰਟ ਅਨੁਸਾਰ ਪ੍ਰਸਾਦ ਦਾ ਐਮ.ਐਚ.ਕੇਅਰ ਕੰਪਨੀ ਨਾਲ ਨਿੱਜੀ ਸਬੰਧ ਸੀ ਅਤੇ ਉਹ ਦਵਾਈਆਂ ਦੇ ਸੋਰਸਿੰਗ ਦੌਰਾਨ ਸਿੱਧੇ ਤੌਰ ‘ਤੇ ਹਿੱਤਾਂ ਦੇ ਟਕਰਾਅ ਵਿੱਚ ਸ਼ਾਮਲ ਸੀ ।




