ਕੈਲਗਰੀ ਪੁਲਿਸ ਨੇ ਸਕਾਈਵਿਊ ਰੈਂਚ ਵਿੱਚ ਮੇਲਬਾਕਸ ਤੋੜਨ ਅਤੇ ਚੋਰੀਆਂ ਕਰਨ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ 35 ਸਾਲਾ ਕੁਲਵਿੰਦਰ ਸਿੰਘ (ਚੈਸਟਰਮੀਅਰ) ਅਤੇ 27 ਸਾਲਾ ਜਗਰੂਪ ਸਿੰਘ (ਕੈਲਗਰੀ) ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਚੋਰੀ ਕੀਤੀ ਮੇਲ, ਚੈੱਕ, ਕ੍ਰੈਡਿਟ ਕਾਰਡ ਅਤੇ ਸ਼ਨਾਖਤੀ ਦਸਤਾਵੇਜ਼ ਬਰਾਮਦ ਕੀਤੇ ਹਨ।
ਇਹ ਕਾਰਵਾਈ 21 ਅਪ੍ਰੈਲ ਨੂੰ ਤੜਕੇ 2:30 ਵਜੇ ਕੀਤੀ ਗਈ ਜਦੋਂ ਪੁਲਿਸ ਨੂੰ ਮੇਲਬਾਕਸ ਤੋੜੇ ਜਾਣ ਦੀਆਂ ਸ਼ਿਕਾਇਤਾਂ ਮਿਲੀਆਂ। ਪੁਲਿਸ ਨੇ ਹੈਲੀਕਾਪਟਰ (HAWCS) ਦੀ ਮਦਦ ਨਾਲ ਸ਼ੱਕੀ ਵਾਹਨ ਦਾ ਪਿੱਛਾ ਕੀਤਾ ਅਤੇ ਉਸ ਨੂੰ ਰੋਕ ਕੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ। ਵਾਹਨ ਵਿੱਚੋਂ ਚੋਰੀ ਕੀਤੇ ਸਮਾਨ ਦੇ ਨਾਲ-ਨਾਲ ਸੰਨ੍ਹ ਲਗਾਉਣ ਵਾਲੇ ਸੰਦ ਵੀ ਮਿਲੇ ਹਨ।
ਦੋਵਾਂ ਮੁਲਜ਼ਮਾਂ ‘ਤੇ ਕੁੱਲ 98 ਦੋਸ਼ ਲਗਾਏ ਗਏ ਹਨ, ਜਿਨ੍ਹਾਂ ਵਿੱਚ ਮੇਲ ਦੀ ਚੋਰੀ, ਚੋਰੀ ਦਾ ਸਮਾਨ ਰੱਖਣ ਅਤੇ ਸ਼ਰਾਰਤ ਕਰਨ ਦੇ ਦੋਸ਼ ਸ਼ਾਮਲ ਹਨ। ਕੈਲਗਰੀ ਦੇ ਰਹਿਣ ਵਾਲੇ ਮੁਲਜ਼ਮ ‘ਤੇ 10 ਵਾਧੂ ਦੋਸ਼ ਲਗਾਏ ਗਏ ਹਨ, ਜਿਨ੍ਹਾਂ ਵਿੱਚ ਨਸ਼ੀਲੇ ਪਦਾਰਥ ਰੱਖਣ ਅਤੇ ਆਪਣੀ ਪਛਾਣ ਛੁਪਾਉਣ ਦੀ ਕੋਸ਼ਿਸ਼ ਸ਼ਾਮਲ ਹੈ। ਇਨ੍ਹਾਂ ਦੋਵਾਂ ਨੂੰ ਕ੍ਰਮਵਾਰ 30 ਅਪ੍ਰੈਲ ਅਤੇ 1 ਮਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।




