ਯੂਰਪ ਵਿੱਚ ਹਵਾਈ ਜਹਾਜ਼ਾਂ ਦੇ ਈਂਧਨ ਦੇ ਸੰਭਾਵਿਤ ਸੰਕਟ ਦੀਆਂ ਅੰਤਰਰਾਸ਼ਟਰੀ ਚੇਤਾਵਨੀਆਂ ਤੋਂ 6 ਹਫਤੇ ਬਾਅਦ ਏਅਰਲਾਈਨਾਂ ਨੇ ਯਾਤਰੀਆਂ ਨੂੰ ਭਰੋਸਾ ਦਿੱਤਾ ਹੈ। ਏਅਰ ਕੈਨੇਡਾ ਸਮੇਤ ਪ੍ਰਮੁੱਖ ਏਅਰਲਾਈਨਾਂ ਦਾ ਕਹਿਣਾ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਲਈ ਯੂਰਪ ਦੀਆਂ ਉਡਾਣਾਂ ਬੁੱਕ ਕਰਨਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਏਅਰ ਕੈਨੇਡਾ ਨੇ ਆਪਣੇ ਗਾਹਕਾਂ ਨੂੰ ਭੇਜੀ ਈਮੇਲ ਵਿੱਚ ਯੂਰਪ ਅਤੇ ਹੋਰ ਦੇਸ਼ਾਂ ਲਈ ਛੋਟ ਦੀ ਪੇਸ਼ਕਸ਼ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਉਹਨਾਂ ਦੇ ਸੰਚਾਲਨ ਵਿੱਚ ਈਂਧਨ ਦੀ ਕੋਈ ਤੋਟ ਨਹੀਂ ਆਵੇਗੀ। ਜਰਮਨ ਏਅਰਲਾਈਨ ਲੁਫਥਾਂਸਾ ਨੇ ਵੀ ਕਿਹਾ ਹੈ ਕਿ ਯੂਰਪੀ ਏਅਰਲਾਈਨਾਂ ਨੂੰ ਇਸ ਗਰਮੀ ਵਿੱਚ ਈਂਧਨ ਦੀ ਕੋਈ ਸਮੱਸਿਆ ਨਹੀਂ ਆਵੇਗੀ।
ਇਹ ਬਿਆਨ ਉਸ ਸਮੇਂ ਆਏ ਹਨ ਜਦੋਂ ਕੁਝ ਮਹੀਨੇ ਪਹਿਲਾਂ ਲੁਫਥਾਂਸਾ ਨੇ ਈਂਧਨ ਬਚਾਉਣ ਲਈ ਅਕਤੂਬਰ ਤੱਕ ਹਜ਼ਾਰਾਂ ਉਡਾਣਾਂ ਰੱਦ ਕਰ ਦਿੱਤੀਆਂ ਸਨ। ਆਇਰਲੈਂਡ ਦੀ ਰਾਇਨਏਅਰ ਨੇ ਵੀ ਯਾਤਰੀਆਂ ਨੂੰ ਆਕਰਸ਼ਿਤ ਕਰਨ ਲਈ ਗਰਮੀਆਂ ਦੇ ਕਿਰਾਏ ਵਿੱਚ ਛੋਟ ਦਿੱਤੀ ਹੈ। ਹਵਾਬਾਜ਼ੀ ਮਾਹਰ ਰਿਕ ਐਰਿਕਸਨ ਨੇ ਏਅਰ ਕੈਨੇਡਾ ਦੇ ਇਸ ਭਰੋਸੇ ਉੱਤੇ ਹੈਰਾਨੀ ਪ੍ਰਗਟਾਈ ਹੈ ਪਰ ਉਹਨਾਂ ਦਾ ਮੰਨਣਾ ਹੈ ਕਿ ਇੱਕ ਪ੍ਰਮੁੱਖ ਕੈਰੀਅਰ ਹੋਣ ਕਾਰਨ ਕੰਪਨੀ ਨੂੰ ਈਂਧਨ ਮਿਲਣ ਵਿੱਚ ਕੋਈ ਦਿੱਕਤ ਨਹੀਂ ਹੋਵੇਗੀ।
ਏਅਰ ਕੈਨੇਡਾ ਦੇ ਬੁਲਾਰੇ ਪੀਟਰ ਫਿਟਜ਼ਪੈਟਰਿਕ ਨੇ ਕਿਹਾ ਕਿ ਯੂਰਪ ਦੀਆਂ ਉਡਾਣਾਂ ਦੀ ਮੰਗ ਲਗਾਤਾਰ ਬਰਕਰਾਰ ਹੈ ਅਤੇ ਉਹ ਆਪਣੇ ਗਾਹਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਨ। ਮੈਕਗਿੱਲ ਯੂਨੀਵਰਸਿਟੀ ਦੇ ਪ੍ਰੋਫੈਸਰ ਕਾਰਲ ਮੂਰ ਨੇ ਕਿਹਾ ਕਿ ਮੌਜੂਦਾ ਈਂਧਨ ਸਪਲਾਈ ਦੀ ਸਥਿਤੀ ਪਹਿਲਾਂ ਕਦੇ ਨਹੀਂ ਦੇਖੀ ਗਈ। ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ ਅਨੁਸਾਰ ਪਿਛਲੇ ਕੁਝ ਹਫਤਿਆਂ ਤੋਂ ਹਵਾਈ ਈਂਧਨ ਦੀਆਂ ਕੀਮਤਾਂ ਹੇਠਾਂ ਆ ਰਹੀਆਂ ਹਨ। ਮੱਧ ਪੂਰਬ ਦੇ ਬਦਲਵੇਂ ਸਰੋਤਾਂ ਨੇ ਸਪਲਾਈ ਦੀਆਂ ਕੁਝ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦ ਕੀਤੀ ਹੈ ਜਿਸ ਨਾਲ ਸੰਭਾਵਿਤ ਉਡਾਣਾਂ ਰੱਦ ਹੋਣ ਦਾ ਖਤਰਾ ਟਲ ਗਿਆ ਹੈ।
ਏਅਰ ਕੈਨੇਡਾ ਅਤੇ ਲੁਫਥਾਂਸਾ ਨੇ ਯੂਰਪੀ ਉਡਾਣਾਂ ਲਈ ਤੇਲ ਦੀ ਘਾਟ ਤੋਂ ਕੀਤਾ ਇਨਕਾਰ




