ਨਗਰ ਕੌਂਸਲ ਚੋਣਾਂ ਦੌਰਾਨ ਝਗੜੇ ਕਾਰਨ ਕੇਸ ਦਰਜ ਹੋਣ ਮਗਰੋਂ ਸ਼੍ੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੇ ਲਾਪਤਾ ਹੋਣ ਕਾਰਨ ਮਜੀਠਾ ਹਲਕੇ ਵਿੱਚ ਉਨ੍ਹਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਲੱਗਣ ਤੋਂ ਬਾਅਦ ਅੱਜ ਮਜੀਠੀਆ ਹਮਾਇਤੀਆਂ ਵੱਲੋਂ ‘ਟਾਈਗਰ ਅਭੀ ਜ਼ਿੰਦਾ ਹੈ’ ਦੇ ਪੋਸਟਰ ਮਜੀਠਾ ਸ਼ਹਿਰ ਵਿੱਚ ਲਗਾਏ ਗਏ ਹਨ।
ਜ਼ਿਕਰਯੋਗ ਹੈ ਕਿ ਨਗਰ ਕੌਂਸਲ ਚੋਣਾਂ ਤੋਂ ਬਾਅਦ ਪੁਲੀਸ ਨੇ ਵੋਟਾਂ ਵਾਲੇ ਦਿਨ ‘ਆਪ’ ਅਤੇ ਅਕਾਲੀ ਵਰਕਰਾਂ ਵਿਚਕਾਰ ਝਗੜੇ ਦੇ ਸਬੰਧ ਵਿੱਚ ਅਕਾਲੀ ਵਰਕਰ ਜੋਬਨਪ੍ਰੀਤ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਖ਼ਿਲਾਫ਼ ਬਿਕਰਮ ਮਜੀਠੀਆ ਨੇ ਆਪਣੇ ਸਾਥੀਆਂ ਨਾਲ ਮਜੀਠਾ ਥਾਣੇ ਵਿਚ ਧਰਨਾ ਦਿੱਤਾ ਸੀ ਅਤੇ ਥਾਣੇ ਅੰਦਰ ਦਾਖਲ ਹੋ ਕੇ ਜੋਬਨਪ੍ਰੀਤ ਨੂੰ ਬਾਹਰ ਲਿਆਉਣ ਤੇ ਪੁਲੀਸ ਅਧਿਕਾਰੀਆਂ ਨਾਲ ਤਕਰਾਰ ਕਰਨ ਦੇ ਮਾਮਲੇ ਵਿੱਚ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।




