ਕੈਲਗਰੀ, 11 ਜੂਨ (ਦੇਸ ਪੰਜਾਬ ਟਾਈਮਜ਼): ਕੈਲਗਰੀ ਦੇ ਸੈਰ ਸਪਾਟਾ, ਏਅਰਲਾਈਨ, ਹਵਾਈ ਅੱਡੇ ਅਤੇ ਹੋਟਲ ਸੈਕਟਰਾਂ ਨੇ ਮਿਲ ਕੇ ਇੱਕ ਨਵੀਂ ਪਹਿਲਕਦਮੀ ਸ਼ੁਰੂ ਕੀਤੀ ਹੈ। ਇਸਦਾ ਮਕਸਦ ਛੋਟੇ ਲੇਅਓਵਰ ਨੂੰ ਲੰਬੇ ਦੌਰਿਆਂ ਵਿੱਚ ਬਦਲਣਾ ਹੈ। ਇਸ ਤਹਿਤ ਅੰਤਰਰਾਸ਼ਟਰੀ ਯਾਤਰੀਆਂ ਨੂੰ ਬਿਨਾਂ ਕਿਸੇ ਵਾਧੂ ਉਡਾਣ ਖਰਚੇ ਦੇ ਸ਼ਹਿਰ ਵਿੱਚ ਇੱਕ ਹਫ਼ਤੇ ਤੱਕ ਦਾ ਸਮਾਂ ਬਿਤਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਕੈਲਗਰੀ ਸਟਾਪਓਵਰ ਪ੍ਰੋਗਰਾਮ ਵੈਸਟਜੈੱਟ, ਕੈਲਗਰੀ ਏਅਰਪੋਰਟ, ਟੂਰਿਜ਼ਮ ਕੈਲਗਰੀ ਅਤੇ ਕੈਲਗਰੀ ਹੋਟਲ ਐਸੋਸੀਏਸ਼ਨ ਦਾ ਸਾਂਝਾ ਉਪਰਾਲਾ ਹੈ। ਇਹ ਪ੍ਰੋਗਰਾਮ ਵੱਖ ਵੱਖ ਸ਼ਹਿਰਾਂ ਦੀ ਯਾਤਰਾ ਕਰਨ ਵਾਲੇ ਮੁਸਾਫਰਾਂ ਨੂੰ ਆਪਣੀ ਅਗਲੀ ਮੰਜ਼ਿਲ ਵੱਲ ਵਧਣ ਤੋਂ ਪਹਿਲਾਂ ਕੈਲਗਰੀ ਦੇ ਸੱਭਿਆਚਾਰ ਅਤੇ ਖਿੱਚ ਦੇ ਕੇਂਦਰਾਂ ਦਾ ਆਨੰਦ ਲੈਣ ਲਈ ਉਤਸ਼ਾਹਿਤ ਕਰਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਇਹ ਆਪਣੀ ਕਿਸਮ ਦਾ ਪਹਿਲਾ ਪ੍ਰੋਗਰਾਮ ਹੈ ਜਿਸ ਨੂੰ ਆਈਸਲੈਂਡ, ਪਨਾਮਾ ਅਤੇ ਸਿੰਗਾਪੁਰ ਦੇ ਸਫਲ ਮਾਡਲਾਂ ਦੀ ਤਰਜ਼ ਉੱਤੇ ਤਿਆਰ ਕੀਤਾ ਗਿਆ ਹੈ। ਟੂਰਿਜ਼ਮ ਕੈਲਗਰੀ ਦੀ ਸੀਈਓ ਅਲੀਸ਼ਾ ਰੇਨੋਲਡਸ ਨੇ ਕਿਹਾ ਕਿ ਇਸ ਦਾ ਮਕਸਦ ਕੈਲਗਰੀ ਨੂੰ ਸਿਰਫ਼ ਇੱਕ ਕੁਨੈਕਸ਼ਨ ਪੁਆਇੰਟ ਦੀ ਬਜਾਏ ਇੱਕ ਖਾਸ ਮੰਜ਼ਿਲ ਵਜੋਂ ਪੇਸ਼ ਕਰਨਾ ਹੈ। ਵੈਸਟਜੈੱਟ ਦੇ ਮੀਤ ਪ੍ਰਧਾਨ ਸਟੀਵ ਮੈਕਕਲੇਲੈਂਡ ਅਨੁਸਾਰ ਉਨ੍ਹਾਂ ਦਾ ਟੀਚਾ ਯਾਤਰੀਆਂ ਦਾ ਸ਼ਹਿਰ ਨਾਲ ਰਿਸ਼ਤਾ ਕਾਇਮ ਕਰਨਾ ਹੈ।
ਕੈਲਗਰੀ ਸਟਾਪਓਵਰ ਪ੍ਰੋਗਰਾਮ ਤਹਿਤ ਬਿਨਾਂ ਵਾਧੂ ਖਰਚੇ ਸ਼ਹਿਰ ਘੁੰਮਣ ਦਾ ਮੌਕਾ





