1 C
Calgary
Sunday, October 25, 2026

ਅਮਰੀਕਾ ਵਿੱਚ 100 ਮਿਲੀਅਨ ਡਾਲਰ ਦੀ ਠੱਗੀ ਮਾਮਲੇ ਵਿੱਚ ਭਾਰਤੀ ਮੂਲ ਦਾ ਫਾਈਨਾਂਸਰ ਗ੍ਰਿਫਤਾਰ

ਸਰੀ, (ਦਿਵਰੂਪ ਕੌਰ): ਅਮਰੀਕਾ ਵਿੱਚ ਇੱਕ ਭਾਰਤੀ ਮੂਲ ਦੇ ਫਾਈਨਾਂਸਰ ਨੂੰ ਬੈਂਕ ਨਾਲ ਕਰੀਬ 100 ਮਿਲੀਅਨ ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। 44 ਸਾਲਾ ਮਹਿੰਦਰ ਮਖੀਜਾਨੀ, ਜੋ ਕਿ ਭਾਰਤ ਵਿੱਚ ਪੈਦਾ ਹੋਇਆ ਸੀ ਅਤੇ ਅਮਰੀਕਾ ਦਾ ਗ੍ਰੀਨ ਕਾਰਡ ਧਾਰਕ ਹੈ, ਨੂੰ ਦੱਖਣੀ ਕੈਲੀਫੋਰਨੀਆ ਦੇ ਕਰੋਨਾ ਡੇਲ ਮਾਰ ਸਥਿਤ ਉਸਦੀ ਰਿਹਾਇਸ਼ ਤੋਂ ਬੁੱਧਵਾਰ ਨੂੰ ਹਿਰਾਸਤ ਵਿੱਚ ਲਿਆ ਗਿਆ। ਦੋਸ਼ ਸਾਬਤ ਹੋਣ ‘ਤੇ ਉਸਨੂੰ ਫੈਡਰਲ ਜੇਲ੍ਹ ਵਿੱਚ 30 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਫੈਡਰਲ ਵਕੀਲਾਂ ਦਾ ਦੋਸ਼ ਹੈ ਕਿ ਮਖੀਜਾਨੀ ਨੇ ਜਾਅਲੀ ਬੀਮਾ ਦਸਤਾਵੇਜ਼ ਬਣਾ ਕੇ ਬੈਂਕਾਂ ਨੂੰ ਗੁੰਮਰਾਹ ਕੀਤਾ ਤਾਂ ਜੋ ਉਹ ਭਾਰੀ ਕਰਜ਼ਾ ਲੈ ਸਕੇ।
ਅਦਾਲਤੀ ਦਸਤਾਵੇਜ਼ਾਂ ਅਨੁਸਾਰ ਮਖੀਜਾਨੀ ਨਿਊਪੋਰਟ ਬੀਚ ਸਥਿਤ ਕੈਂਟਰ ਗਰੁੱਪ ਵੀ ਐਲਐਲਸੀ ਦਾ ਕੰਟਰੋਲ ਕਰਦਾ ਸੀ। ਸਤੰਬਰ 2024 ਤੋਂ ਅਪ੍ਰੈਲ 2025 ਦਰਮਿਆਨ ਉਸਨੇ ਟਾਈਟਲ ਇੰਸ਼ੋਰੈਂਸ ਪਾਲਿਸੀਆਂ ਵਿੱਚ ਹੇਰਾਫੇਰੀ ਕੀਤੀ। ਇਸ ਦਾ ਮਕਸਦ ਇਹ ਦਿਖਾਉਣਾ ਸੀ ਕਿ ਉਸਦੀ ਕੰਪਨੀ ਦਾ ਜਾਇਦਾਦਾਂ ਉੱਤੇ ਪਹਿਲਾ ਹੱਕ ਹੈ, ਜਦਕਿ ਅਸਲ ਵਿੱਚ ਹੋਰ ਲੈਣਦਾਰਾਂ ਦਾ ਹੱਕ ਪਹਿਲਾਂ ਬਣਦਾ ਸੀ। ਜਾਂਚਕਰਤਾਵਾਂ ਨੇ ਦੱਸਿਆ ਕਿ ਉਸਨੇ ਅਤੇ ਉਸਦੇ ਸਟਾਫ ਨੇ ਬੈਂਕ ਨੂੰ ਦਸਤਾਵੇਜ਼ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਰਿਕਾਰਡ ਅਤੇ ਮੈਟਾਡੇਟਾ ਵਿੱਚ ਬਦਲਾਅ ਕੀਤੇ ਸਨ। ਆਈਆਰਐਸ ਦੇ ਅਧਿਕਾਰੀਆਂ ਮੁਤਾਬਕ ਇਹ ਸਾਰੀ ਸਾਜ਼ਿਸ਼ ਬੈਂਕਾਂ ਨੂੰ ਧੋਖਾ ਦੇਣ ਲਈ ਰਚੀ ਗਈ ਸੀ।
ਫਰਾਡ ਤੋਂ ਇਲਾਵਾ ਉਸ ਉੱਤੇ ਕਈ ਹੋਰ ਗੰਭੀਰ ਦੋਸ਼ ਵੀ ਲੱਗੇ ਹਨ। ਅਦਾਲਤੀ ਫਾਈਲਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮਖੀਜਾਨੀ ਨਿੱਜੀ ਪਾਰਟੀਆਂ ਕਰਵਾਉਂਦਾ ਸੀ ਜਿੱਥੇ ਨਸ਼ੇ ਅਤੇ ਸੈਕਸ ਵਰਕਰ ਸ਼ਾਮਲ ਹੁੰਦੇ ਸਨ। ਇਨ੍ਹਾਂ ਪਾਰਟੀਆਂ ਵਿੱਚ ਬੈਂਕ ਕਰਮਚਾਰੀ ਵੀ ਆਉਂਦੇ ਸਨ ਜਿਨ੍ਹਾਂ ਨੂੰ ਉਹ ਬਾਅਦ ਵਿੱਚ ਬਲੈਕਮੇਲ ਕਰਦਾ ਸੀ। ਇਸ ਤੋਂ ਇਲਾਵਾ ਉਸਨੇ ਆਪਣੇ ਕਰਮਚਾਰੀਆਂ ਨੂੰ ਜਾਨੋਂ ਮਾਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੜਕ ‘ਤੇ ਲਿਆਉਣ ਦੀਆਂ ਧਮਕੀਆਂ ਵੀ ਦਿੱਤੀਆਂ। ਜਾਂਚ ਅਧਿਕਾਰੀਆਂ ਮੁਤਾਬਕ ਮਖੀਜਾਨੀ ਬਹੁਤ ਹੀ ਸ਼ਾਹੀ ਜੀਵਨ ਬਤੀਤ ਕਰਦਾ ਸੀ। ਉਹ ਪ੍ਰਾਈਵੇਟ ਜੈੱਟ ਵਿੱਚ ਸਫ਼ਰ ਕਰਦਾ ਸੀ ਅਤੇ ਉਸ ਕੋਲ ਬੈਂਟਲੇ, ਪੋਰਸ਼ੇ ਅਤੇ ਮਰਸਡੀਜ਼ ਵਰਗੀਆਂ ਮਹਿੰਗੀਆਂ ਕਾਰਾਂ ਹਨ। ਉਸ ਕੋਲ ਦੋ ਮਹਿਲ ਨੁਮਾ ਘਰ ਵੀ ਹਨ।
ਇਸ ਗ੍ਰਿਫਤਾਰੀ ਦੇ ਨਾਲ ਨਾਲ ਉਹ ਹੋਰ ਕਾਨੂੰਨੀ ਮੁਸੀਬਤਾਂ ਵਿੱਚ ਵੀ ਘਿਰਿਆ ਹੋਇਆ ਹੈ। ਪਿਛਲੇ ਮਹੀਨੇ ਇੱਕ ਆਰਬਿਟਰੇਟਰ ਨੇ ਮਖੀਜਾਨੀ ਨੂੰ ਜਾਇਦਾਦ ਦੇ ਇੱਕ ਵਿਵਾਦ ਵਿੱਚ 1.3 ਬਿਲੀਅਨ ਡਾਲਰ ਦੇ ਨੁਕਸਾਨ ਲਈ ਜ਼ਿੰਮੇਵਾਰ ਠਹਿਰਾਇਆ ਸੀ। ਦੋਸ਼ ਹੈ ਕਿ ਉਸਨੇ ਵਿਰੋਧੀਆਂ ਨੂੰ ਦਬਾਉਣ ਲਈ ਹਥਿਆਰਬੰਦ ਸਾਥੀਆਂ ਅਤੇ ਹਿੰਸਾ ਦਾ ਸਹਾਰਾ ਵੀ ਲਿਆ। ਫਿਲਹਾਲ ਮਖੀਜਾਨੀ ਨੂੰ ਸੈਂਟਾ ਐਨਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ ਅਤੇ ਕਾਨੂੰਨ ਮੁਤਾਬਕ ਦੋਸ਼ ਸਾਬਤ ਹੋਣ ਤੱਕ ਉਸਨੂੰ ਬੇਕਸੂਰ ਹੀ ਮੰਨਿਆ ਜਾਵੇਗਾ। This report was written by Divroop Kaur as part of the Local Journalism Initiative.

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News