ਕੈਲਗਰੀ, 13 ਜੂਨ (ਦੇਸ ਪੰਜਾਬ ਟਾਈਮਜ਼):
ਇੱਕ ਨਵੇਂ ਐਂਗਸ ਰੀਡ ਸਰਵੇਖਣ ਅਨੁਸਾਰ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੀ ਪ੍ਰਵਾਨਗੀ ਰੇਟਿੰਗ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਉਹਨਾਂ ਦੇ ਕਾਰਜਕਾਲ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇਸ ਸਰਵੇਖਣ ਮੁਤਾਬਕ ਸਿਰਫ 39 ਫੀਸਦੀ ਲੋਕ ਹੀ ਉਹਨਾਂ ਦੀ ਲੀਡਰਸ਼ਿਪ ਤੋਂ ਸੰਤੁਸ਼ਟ ਹਨ। ਇਸ ਗਿਰਾਵਟ ਦਾ ਮੁੱਖ ਕਾਰਨ ਪ੍ਰਾਂਤ ਵਿੱਚ ਕਰਵਾਇਆ ਜਾ ਰਿਹਾ ਅਲਹਿਦਗੀ ਰੈਫਰੈਂਡਮ ਮੰਨਿਆ ਜਾ ਰਿਹਾ ਹੈ। ਇਹ ਰੇਟਿੰਗ ਜੂਨ 2025 ਵਿੱਚ ਮਿਲੀ 51 ਫੀਸਦੀ ਹਮਾਇਤ ਦੇ ਮੁਕਾਬਲੇ 7 ਫੀਸਦੀ ਘੱਟ ਹੈ। ਹਾਲਾਂਕਿ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਪਾਉਣ ਵਾਲੇ 10 ਵਿੱਚੋਂ 7 ਲੋਕ ਅਜੇ ਵੀ ਉਹਨਾਂ ਦਾ ਸਮਰਥਨ ਕਰ ਰਹੇ ਹਨ। ਅਲਬਰਟਾ ਐਨਡੀਪੀ ਦੇ ਨੇਤਾ ਨਾਹੀਦ ਨੇਂਸ਼ੀ ਨੇ ਪ੍ਰੀਮੀਅਰ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਲੋਕ ਉਹਨਾਂ ਦੀਆਂ ਬੇਲੋੜੀਆਂ ਸੱਭਿਆਚਾਰਕ ਜੰਗਾਂ ਅਤੇ ਅਲਹਿਦਗੀ ਰੈਫਰੈਂਡਮ ਤੋਂ ਤੰਗ ਆ ਚੁੱਕੇ ਹਨ, ਜਿਸ ਦੀ ਜਨਤਾ ਨੂੰ ਕੋਈ ਲੋੜ ਨਹੀਂ ਹੈ। ਦੂਜੇ ਪਾਸੇ ਪ੍ਰੀਮੀਅਰ ਸਮਿਥ ਨੇ ਹਾਲ ਹੀ ਵਿੱਚ ਪ੍ਰਾਂਤ ਵਿੱਚ ਰੁਜ਼ਗਾਰ ਦੇ ਵਾਧੇ ਅਤੇ ਆਰਥਿਕ ਸਫਲਤਾਵਾਂ ਦਾ ਬਚਾਅ ਕੀਤਾ ਹੈ।
ਰਾਜਨੀਤਿਕ ਵਿਸ਼ਲੇਸ਼ਕ ਲੋਰੀ ਵਿਲੀਅਮਜ਼ ਅਨੁਸਾਰ ਡੈਨੀਅਲ ਸਮਿਥ ਇਸ ਸਮੇਂ ਅੰਦਰੂਨੀ ਅਤੇ ਬਾਹਰੀ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਹਨ। ਵੈਸਟਰਨ ਪ੍ਰੀਮੀਅਰਜ਼ ਕਾਨਫਰੰਸ ਦੌਰਾਨ ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕਿਨਿਊ ਨੇ ਵੀ ਅਦਾਲਤੀ ਫੈਸਲਿਆਂ ਬਾਰੇ ਸਮਿਥ ਦੇ ਰੁਖ ਦੀ ਆਲੋਚਨਾ ਕੀਤੀ ਸੀ। ਅਲਹਿਦਗੀ ਅੰਦੋਲਨ ਦੇ ਕੁਝ ਆਗੂਆਂ ਨੇ ਵੀ ਸਮਿਥ ‘ਤੇ ਵਾਅਦਾਖਿਲਾਫੀ ਦਾ ਦੋਸ਼ ਲਗਾਇਆ ਹੈ। ਪ੍ਰੀਮੀਅਰ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਦੀ ਪਾਰਟੀ ਕੈਨੇਡਾ ਵਿੱਚ ਰਹਿਣ ਦਾ ਸਮਰਥਨ ਕਰਦੀ ਹੈ ਅਤੇ ਉਹ ਖੁਦ ਵੀ ਇਸੇ ਦੇ ਪੱਖ ਵਿੱਚ ਵੋਟ ਪਾਉਣਗੇ।




