ਬਠਿੰਡਾ ਜ਼ਿਲ੍ਹੇ ਦੇ ਪਿੰਡ ਲਹਿਰਾ ਮੁਹੱਬਤ ਵਿੱਚ ਸਥਿਤ 920 ਮੈਗਾਵਾਟ ਸਮਰੱਥਾ ਵਾਲੇ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦੇ ਸਾਰੇ ਚਾਰ ਯੂਨਿਟ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਸੂਬੇ ਵਿੱਚ ਪੈ ਰਹੀ ਗਰਮੀ ਅਤੇ ਝੋਨੇ ਦੀ ਲੁਆਈ ਦੇ ਸੀਜ਼ਨ ਦੌਰਾਨ ਖੇਤੀ ਸੈਕਟਰ ਲਈ ਬਿਜਲੀ ਪੈਦਾਵਾਰ ਨੂੰ ਵੱਡਾ ਝਟਕਾ ਲੱਗਾ ਹੈ। ਪਲਾਂਟ ਦੇ ਤਿੰਨ ਯੂਨਿਟ ਪਹਿਲਾਂ ਹੀ ਤਕਨੀਕੀ ਖ਼ਰਾਬੀ ਕਾਰਨ ਬੰਦ ਸਨ; ਐਤਵਾਰ ਨੂੰ ਚੌਥਾ ਅਤੇ ਆਖ਼ਰੀ ਯੂਨਿਟ ਵੀ ਬੰਦ ਹੋ ਗਿਆ। ਇਸ ਨਾਜ਼ੁਕ ਸਥਿਤੀ ਦਾ ਮੁੱਖ ਕਾਰਨ ਪਲਾਂਟ ਵਿੱਚ ਚੱਲ ਰਹੀ ਠੇਕਾ ਮੁਲਾਜ਼ਮਾਂ ਦੀ ਹੜਤਾਲ ਮੰਨਿਆ ਜਾ ਰਿਹਾ ਹੈ। ਪਲਾਂਟ ਦੇ ਕਰੀਬ 1800 ਠੇਕਾ ਮੁਲਾਜ਼ਮ ਇਸ ਵੇਲੇ ਹੜਤਾਲ ’ਤੇ ਹਨ। ਚਾਰ ਯੂਨਿਟ ਬੰਦ ਹੋਣ ਮਗਰੋਂ ਪਲਾਂਟ ਪ੍ਰਬੰਧਨ ਨੇ ਜਮ੍ਹਾਂ ਹੋਈ ਸੁਆਹ ਸਾਫ਼ ਕਰਨ ਅਤੇ ਉਤਪਾਦਨ ਮੁੜ ਸ਼ੁਰੂ ਕਰਨ ਲਈ ਵਾਧੂ ਮਜ਼ਦੂਰਾਂ ਦੀ ਮੰਗ ਕੀਤੀ ਹੈ। ਪਲਾਂਟ ਵਿੱਚ ਤਕਰੀਬਨ 500 ਰੈਗੂਲਰ ਮੁਲਾਜ਼ਮ ਹਨ, ਪਰ ਇਨ੍ਹਾਂ ’ਚੋਂ ਵੱਡੀ ਗਿਣਤੀ ਦਫ਼ਤਰੀ ਕੰਮਾਂ ਵਿੱਚ ਲੱਗੀ ਹੋਣ ਕਾਰਨ ਫੀਲਡ ਪੱਧਰ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਭਾਰੀ ਘਾਟ ਹੈ।





