ਬ੍ਰਿਟਿਸ਼ ਕੋਲੰਬੀਆ ਵਿੱਚ ਆਉਣ ਵਾਲੇ ਹਫ਼ਤਿਆਂ ਦੌਰਾਨ ਮੌਸਮ ਬਹੁਤ ਗਰਮ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ, ਜਿਸ ਕਾਰਨ ਜੰਗਲੀ ਅੱਗ ਅਤੇ ਸੋਕੇ ਦਾ ਸੰਕਟ ਹੋਰ ਡੂੰਘਾ ਹੋ ਸਕਦਾ ਹੈ। ਸੂਬਾਈ ਸਰਕਾਰ ਨੇ ਵੈਨਕੂਵਰ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੌਜੂਦਾ ਸਥਿਤੀ ਦੀ ਰਿਪੋਰਟ ਸਾਂਝੀ ਕੀਤੀ। ਇਸ ਮੌਕੇ ਐਮਰਜੈਂਸੀ ਮੈਨੇਜਮੈਂਟ ਮੰਤਰੀ ਕੈਲੀ ਗ੍ਰੀਨ, ਜੰਗਲਾਤ ਮੰਤਰੀ ਰਵੀ ਪਰਮਾਰ ਅਤੇ ਰਿਵਰ ਫੋਰਕਾਸਟ ਸੈਂਟਰ ਦੇ ਮੁਖੀ ਡੇਵਿਡ ਕੈਂਪਬੈਲ ਸਮੇਤ ਕਈ ਉੱਚ ਅਧਿਕਾਰੀ ਮੌਜੂਦ ਸਨ। ਬੀਸੀ ਵਾਈਲਡਫਾਇਰ ਸਰਵਿਸ ਦੀ ਤਾਜ਼ਾ ਰਿਪੋਰਟ ਅਨੁਸਾਰ, ਇਸ ਸਮੇਂ ਸੂਬੇ ਵਿੱਚ 13 ਜੰਗਲੀ ਅੱਗਾਂ ਸਰਗਰਮ ਹਨ, ਜਿਨ੍ਹਾਂ ਵਿੱਚੋਂ ਦੋ ਪੂਰੀ ਤਰ੍ਹਾਂ ਬੇਕਾਬੂ ਹਨ। ਹਾਲਾਂਕਿ ਪਿਛਲੇ ਦਿਨੀਂ ਕੁਝ ਇਲਾਕਿਆਂ ਵਿੱਚ ਮੀਂਹ ਪਿਆ ਸੀ, ਪਰ ਇੰਟੀਰੀਅਰ, ਉੱਤਰ-ਪੂਰਬੀ ਹਿੱਸੇ ਅਤੇ ਵੈਨਕੂਵਰ ਆਈਲੈਂਡ ਦੇ ਦੱਖਣੀ ਖੇਤਰ ਅਜੇ ਵੀ ਆਮ ਨਾਲੋਂ ਵਧੇਰੇ ਖੁਸ਼ਕ ਹਨ। ਜੰਗਲਾਤ ਮੰਤਰੀ ਪਰਮਾਰ ਅਨੁਸਾਰ, ਇਸ ਸੀਜ਼ਨ ਵਿੱਚ ਹੁਣ ਤੱਕ ਕੁੱਲ 300 ਜੰਗਲੀ ਅੱਗ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਸ ਵਿੱਚ 4,200 ਹੈਕਟੇਅਰ ਤੋਂ ਵੱਧ ਰਕਬਾ ਸੜ ਕੇ ਸੁਆਹ ਹੋ ਚੁੱਕਾ ਹੈ। ਮੌਸਮ ਮਾਹਰ ਡੇਵਿਡ ਕੈਂਪਬੈਲ ਨੇ ਦੱਸਿਆ ਕਿ ਸੂਬੇ ਵਿੱਚ ਸਰਦੀਆਂ ਅਤੇ ਬਸੰਤ ਦਾ ਤਾਪਮਾਨ ਆਮ ਨਾਲੋਂ ਬਹੁਤ ਉੱਚਾ ਰਿਹਾ ਹੈ। 1 ਅਪ੍ਰੈਲ ਨੂੰ ਬਰਫ਼ ਦਾ ਪੱਧਰ 92 ਫ਼ੀਸਦੀ ਸੀ, ਪਰ 1 ਜੂਨ ਤੱਕ ਇਹ ਘਟ ਕੇ ਸਿਰਫ਼ 64 ਫ਼ੀਸਦੀ ਰਹਿ ਗਿਆ। ਮੌਜੂਦਾ ਸਮੇਂ ਸੂਬੇ ਦਾ ਇੱਕ-ਚੌਥਾਈ ਹਿੱਸਾ ਗੰਭੀਰ ਸੋਕੇ ਦਾ ਸਾਹਮਣਾ ਕਰ ਰਿਹਾ ਹੈ। ਵਾਈਲਡਫਾਇਰ ਸਰਵਿਸ ਦੇ ਅਧਿਕਾਰੀਆਂ ਮੁਤਾਬਕ, ਇਹ ਹਾਲਾਤ 2017, 2018 ਅਤੇ 2021 ਦੇ ਇਤਿਹਾਸਕ ਭਿਆਨਕ ਸੀਜ਼ਨਾਂ ਨਾਲੋਂ ਵੀ ਬਦਤਰ ਹਨ। ਆਉਣ ਵਾਲੇ ਦਿਨਾਂ ਵਿੱਚ ਅਸਮਾਨੀ ਬਿਜਲੀ ਪੈਣ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਭਾਰੀ ਵਾਧਾ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਹੈ।
ਸੂਬੇ ਦਾ ਇੱਕ-ਚੌਥਾਈ ਹਿੱਸਾ ਸੋਕੇ ਦੀ ਲਪੇਟ ’ਚ, ਜੰਗਲੀ ਅੱਗ ਦੇ ਸੀਜ਼ਨ ਨੂੰ ਲੈ ਕੇ ਹਾਈ ਅਲਰਟ





