ਕੈਲਗਰੀ, 3 ਜੁਲਾਈ (ਦੇਸ ਪੰਜਾਬ ਟਾਈਮਜ਼): ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਬ੍ਰਿਟਿਸ਼ ਕੋਲੰਬੀਆ ਦੇ ਤੱਟ ਤੱਕ ਨਵੀਂ ਬਿਟੂਮਨ ਪਾਈਪਲਾਈਨ ਬਣਾਉਣ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਇਹ ਐਲਾਨ ਉਸ ਵੇਲੇ ਕੀਤਾ ਗਿਆ ਜਦੋਂ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਬੀ.ਸੀ. ਸਰਕਾਰ ਨਾਲ ਇੱਕ ਸਮਝੌਤੇ ਦਾ ਐਲਾਨ ਕਰਦਿਆਂ ਅਜਿਹੇ ਵੱਡੇ ਪ੍ਰਾਜੈਕਟਾਂ ਲਈ ਅੱਗੇ ਵਧਣ ਦਾ ਰਾਹ ਸਾਫ਼ ਹੋਣ ਦੀ ਗੱਲ ਕਹੀ। ਕੈਲਗਰੀ ਵਿੱਚ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਸਮਿਥ ਨੇ ਦੱਸਿਆ ਕਿ ਅਲਬਰਟਾ ਸਰਕਾਰ ਨੇ ਪਾਈਪਲਾਈਨ ਦਾ ਪ੍ਰਸਤਾਵਿਤ ਰੂਟ ਸਰਕਾਰ ਦੇ ਮੇਜਰ ਪ੍ਰੋਜੈਕਟਸ ਦਫ਼ਤਰ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਅਲਬਰਟਾ ਅਤੇ ਕੈਨੇਡਾ ਦੋਵਾਂ ਲਈ ਵੱਡੇ ਆਰਥਿਕ ਮੌਕੇ ਪੈਦਾ ਕਰੇਗਾ। ਪ੍ਰਸਤਾਵਿਤ ਵੈਸਟ ਕੋਸਟ ਆਇਲ ਪਾਈਪਲਾਈਨ ਬਰੂਡਰਹਾਈਮ ਤੋਂ ਸ਼ੁਰੂ ਹੋ ਕੇ ਦੱਖਣੀ ਬੀ.ਸੀ. ਤੱਟ ਤੱਕ ਜਾਵੇਗੀ ਅਤੇ ਰੋਜ਼ਾਨਾ 10 ਲੱਖ ਤੋਂ ਵੱਧ ਬੈਰਲ ਤੇਲ ਟੈਂਕਰਾਂ ਰਾਹੀਂ ਏਸ਼ੀਆਈ ਬਾਜ਼ਾਰਾਂ ਤੱਕ ਪਹੁੰਚਾਇਆ ਜਾ ਸਕੇਗਾ। ਮਾਰਕ ਕਾਰਨੇ ਨੇ ਕਿਹਾ ਕਿ ਇਹ ਰੂਟ ਸਭ ਤੋਂ ਉਚਿਤ ਹੈ ਕਿਉਂਕਿ ਇਹ ਮੌਜੂਦਾ ਟ੍ਰਾਂਸ ਮਾਊਂਟੇਨ ਪਾਈਪਲਾਈਨ ਦੇ ਨਾਲ-ਨਾਲ ਲੰਘਦਾ ਹੈ ਅਤੇ ਤੇਜ਼ੀ ਨਾਲ ਵਧ ਰਹੇ ਏਸ਼ੀਆਈ ਬਾਜ਼ਾਰਾਂ ਤੱਕ ਸਿੱਧੀ ਪਹੁੰਚ ਦਿੰਦਾ ਹੈ। ਸਮਿਥ ਨੇ ਦੱਸਿਆ ਕਿ ਇਸ ਯੋਜਨਾ ਵਿੱਚ ਟ੍ਰਾਂਸ ਮਾਊਂਟੇਨ ਕਾਰਪੋਰੇਸ਼ਨ ਅਤੇ ਕੈਲਗਰੀ ਸਥਿਤ ਪੈਂਬੀਨਾ ਪਾਈਪਲਾਈਨ ਵੀ ਭਾਈਵਾਲ ਹੋਣਗੇ। ਇਸ ਦੌਰਾਨ ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੰਭਾਵੀ ਪਾਈਪਲਾਈਨ ਪ੍ਰਸਤਾਵ ਨੂੰ ਅਦਾਲਤ ਵਿੱਚ ਚੁਣੌਤੀ ਨਹੀਂ ਦੇਵੇਗੀ, ਜਦਕਿ ਉੱਤਰੀ ਬੀ.ਸੀ. ਤੱਟ ਉੱਤੇ ਟੈਂਕਰ ਪਾਬੰਦੀ ਬਰਕਰਾਰ ਰਹੇਗੀ।




