ਕੈਲਗਰੀ, 7 ਜੁਲਾਈ (ਦੇਸ ਪੰਜਾਬ ਟਾਈਮਜ਼): ਚੈਸਟਰਮੀਅਰ ਵਿੱਚ ਮਾਊਂਟੀਜ਼ ਪੁਲਿਸ ਵੱਲੋਂ ਪਿਛਲੇ ਮਹੀਨੇ ਅਸ਼ਲੀਲ ਹਰਕਤਾਂ ਦੀਆਂ ਦੋ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਇੱਕ ਵਿਅਕਤੀ ਦੀ ਪਛਾਣ ਕਰਨ ਲਈ ਆਮ ਲੋਕਾਂ ਤੋਂ ਮਦਦ ਦੀ ਮੰਗ ਕੀਤੀ ਜਾ ਰਹੀ ਹੈ। ਆਰਸੀਐਮਪੀ ਅਨੁਸਾਰ ਪਹਿਲੀ ਘਟਨਾ 3 ਜੂਨ ਨੂੰ ਸਟੀਵ ਕਿੰਗ ਮੈਮੋਰੀਅਲ ਡੌਗ ਪਾਰਕ ਦੇ ਨੇੜੇ ਵਾਪਰੀ ਸੀ ਅਤੇ ਦੂਜੀ ਘਟਨਾ 19 ਜੂਨ ਨੂੰ ਐਨੀਵਰਸਰੀ ਪਾਰਕ ਵਿੱਚ ਹੋਈ ਸੀ। ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਘਟਨਾਵਾਂ ਵਿੱਚ ਕਿਸੇ ਨੂੰ ਕੋਈ ਸਰੀਰਕ ਨੁਕਸਾਨ ਨਹੀਂ ਪਹੁੰਚਿਆ ਹੈ। ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਇਨ੍ਹਾਂ ਦੋਵਾਂ ਘਟਨਾਵਾਂ ਲਈ ਇੱਕ ਹੀ ਵਿਅਕਤੀ ਜ਼ਿੰਮੇਵਾਰ ਹੈ ਅਤੇ ਉਸਦੀ ਭਾਲ ਲਗਾਤਾਰ ਜਾਰੀ ਹੈ। ਸ਼ੱਕੀ ਵਿਅਕਤੀ ਦੀ ਦਿੱਖ ਬਾਰੇ ਪੁਲਿਸ ਨੇ ਦੱਸਿਆ ਕਿ ਉਹ ਪਤਲੇ ਸਰੀਰ ਅਤੇ ਦਰਮਿਆਨੇ ਰੰਗ ਦਾ ਹੈ। ਉਸਦੀ ਉਮਰ 20 ਤੋਂ 40 ਸਾਲ ਦੇ ਵਿਚਕਾਰ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। 3 ਜੂਨ ਨੂੰ ਹੋਈ ਘਟਨਾ ਦੌਰਾਨ ਉਸਨੂੰ ਚਮਕਦਾਰ ਸੰਤਰੀ ਰੰਗ ਦੀ ਕਮੀਜ਼ ਅਤੇ ਨੀਲੇ ਰੰਗ ਦੀ ਸ਼ਾਰਟਸ ਪਹਿਨੇ ਹੋਏ ਦੇਖਿਆ ਗਿਆ ਸੀ। ਇਸੇ ਤਰ੍ਹਾਂ 19 ਜੂਨ ਨੂੰ ਉਸਨੇ ਲੰਬੀਆਂ ਬਾਹਾਂ ਵਾਲਾ ਗੂੜ੍ਹੇ ਰੰਗ ਦਾ ਟ੍ਰੈਕ ਸੂਟ ਅਤੇ ਕਾਲੇ ਰੰਗ ਦੇ ਸਨੀਕਰ ਪਹਿਨੇ ਹੋਏ ਸਨ। ਪੁਲਿਸ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਕੋਈ ਨਾ ਕੋਈ ਵਿਅਕਤੀ ਇਸ ਸ਼ੱਕੀ ਦੀ ਪਛਾਣ ਜ਼ਰੂਰ ਕਰੇਗਾ ਅਤੇ ਇਸ ਲਈ ਕੁਝ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ। ਜੇਕਰ ਕੋਈ ਉਸਨੂੰ ਪਛਾਣਦਾ ਹੈ ਤਾਂ ਉਹ ਚੈਸਟਰਮੀਅਰ ਆਰਸੀਐਮਪੀ ਨਾਲ 403 204 8777 ‘ਤੇ ਸੰਪਰਕ ਕਰ ਸਕਦਾ ਹੈ। ਕਰਾਈਮ ਸਟਾਪਰਜ਼ ਨੂੰ 1 800 222 8477 ‘ਤੇ ਕਾਲ ਕਰਕੇ ਵੀ ਗੁਪਤ ਜਾਣਕਾਰੀ ਦਿੱਤੀ ਜਾ ਸਕਦੀ ਹੈ।





