ਕੈਲਗਰੀ ਦੇ ਉੱਤਰ ਪੂਰਬੀ ਖੇਤਰ ਵਿੱਚ ਸੋਮਵਾਰ ਨੂੰ ਇੱਕ ਹਿੱਟ ਐਂਡ ਰਨ ਦੀ ਘਟਨਾ ਵਾਪਰੀ ਹੈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ ਦੁਪਹਿਰ 3:30 ਵਜੇ ਦੇ ਕਰੀਬ ਟੈਂਪਲ ਕਮਿਊਨਿਟੀ ਵਿੱਚ 44 ਐਵੇਨਿਊ ਨੌਰਥ ਈਸਟ ਅਤੇ 52 ਸਟਰੀਟ ਨੌਰਥ ਈਸਟ ਦੇ ਚੌਰਾਹੇ ਉੱਤੇ ਵਾਪਰੀ ਹੈ। ਮੌਕੇ ਉੱਤੇ ਮੌਜੂਦ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੈਦਲ ਯਾਤਰੀ 44 ਐਵੇਨਿਊ ਉੱਤੇ ਕਰਾਸਵਾਕ ਰਾਹੀਂ ਸੜਕ ਪਾਰ ਕਰ ਰਿਹਾ ਸੀ ਜਦੋਂ ਉਸਨੂੰ ਟੱਕਰ ਮਾਰੀ ਗਈ। ਪੁਲਿਸ ਅਨੁਸਾਰ ਪੈਦਲ ਯਾਤਰੀ ਦੇ ਸਰੀਰ ਉੱਤੇ ਗੰਭੀਰ ਸੱਟਾਂ ਲੱਗੀਆਂ ਹਨ ਪਰ ਉਸਦੀ ਜਾਨ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਾਹਨ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫਰਾਰ ਡਰਾਈਵਰ ਦੀ ਭਾਲ ਜਾਰੀ ਹੈ। ਕੈਲਗਰੀ ਪੁਲਿਸ ਦੇ ਅੰਕੜਿਆਂ ਅਨੁਸਾਰ ਸ਼ਹਿਰ ਵਿੱਚ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। 1 ਜਨਵਰੀ ਤੋਂ 31 ਜੁਲਾਈ ਦੇ ਦਰਮਿਆਨ ਸ਼ਹਿਰ ਵਿੱਚ 280 ਤੋਂ ਜ਼ਿਆਦਾ ਪੈਦਲ ਯਾਤਰੀ ਵਾਹਨਾਂ ਦੀ ਲਪੇਟ ਵਿੱਚ ਆ ਚੁੱਕੇ ਹਨ।





