ਕੈਲਗਰੀ, 24 ਅਪ੍ਰੈਲ (ਦੇਸ ਪੰਜਾਬ ਟਾਇਮਜ਼):
ਫਲੋਰਿਡਾ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਫਰਟੀਲਿਟੀ ਕਲੀਨਿਕ ਦੀ ਵੱਡੀ ਲਾਪਰਵਾਹੀ ਕਾਰਨ ਇੱਕ ਜੋੜੇ ਨੂੰ ਕਿਸੇ ਹੋਰ ਦੇ ਭਰੂਣ (embryo) ਰਾਹੀਂ ਬੱਚੀ ਪੈਦਾ ਹੋ ਗਈ। ਟਿਫਨੀ ਸਕੋਰ ਅਤੇ ਸਟੀਵਨ ਮਿਲਜ਼ ਨੇ ਓਰਲੈਂਡੋ ਦੇ ਇੱਕ ਮਸ਼ਹੂਰ ਫਰਟੀਲਿਟੀ ਸੈਂਟਰ ਅਤੇ ਡਾਕਟਰ ਮਿਲਟਨ ਮੈਕਨਿਕੋਲ ਵਿਰੁੱਧ ਅਦਾਲਤ ਵਿੱਚ ਮੁਕੱਦਮਾ ਦਾਇਰ ਕੀਤਾ ਹੈ। ਇਹ ਸਾਰਾ ਮਾਮਲਾ ਉਦੋਂ ਉਜਾਗਰ ਹੋਇਆ ਜਦੋਂ ਦਸੰਬਰ 2025 ਵਿੱਚ ਪੈਦਾ ਹੋਈ ਉਨ੍ਹਾਂ ਦੀ ਬੇਟੀ ਸ਼ੀਆ ਦੇ ਸਰੀਰਕ ਲੱਛਣ ਮਾਪਿਆਂ ਨਾਲ ਬਿਲਕੁਲ ਨਹੀਂ ਮਿਲੇ। ਜੈਨੇਟਿਕ ਟੈਸਟ ਕਰਵਾਉਣ ‘ਤੇ ਪਤਾ ਲੱਗਾ ਕਿ ਬੱਚੀ 100 ਫੀਸਦੀ ਦੱਖਣੀ ਏਸ਼ੀਆਈ ਮੂਲ ਦੀ ਹੈ ਅਤੇ ਉਸ ਦਾ ਟਿਫਨੀ ਜਾਂ ਸਟੀਵਨ ਨਾਲ ਕੋਈ ਜੈਨੇਟਿਕ ਸਬੰਧ ਨਹੀਂ ਹੈ। ਕਲੀਨਿਕ ਵੱਲੋਂ ਕੀਤੀ ਗਈ ਜਾਂਚ ਵਿੱਚ 16 ਸੰਭਾਵੀ ਜੋੜਿਆਂ ਵਿੱਚੋਂ ਇੱਕ ਦੱਖਣੀ ਏਸ਼ੀਆਈ ਜੋੜੇ ਦੀ ਪਛਾਣ ਕੀਤੀ ਗਈ ਹੈ, ਜੋ ਬੱਚੀ ਦੇ ਅਸਲੀ ਜੈਵਿਕ ਮਾਪੇ ਹਨ। ਭਾਵੇਂ ਹੁਣ ਜੈਵਿਕ ਮਾਪਿਆਂ ਦਾ ਪਤਾ ਲੱਗ ਚੁੱਕਾ ਹੈ, ਪਰ ਟਿਫਨੀ ਅਤੇ ਸਟੀਵਨ ਨੇ ਬੱਚੀ ਦੇ ਮਾਪਿਆਂ ਦੀ ਪਛਾਣ ਗੁਪਤ ਰੱਖਣ ਦਾ ਫੈਸਲਾ ਕੀਤਾ ਹੈ।
ਇਸ ਦੁਖਦਾਈ ਸਥਿਤੀ ਦੇ ਬਾਵਜੂਦ ਪੀੜਤ ਜੋੜੇ ਨੇ ਇੱਕ ਭਾਵੁਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਆਪਣੀ ਬੇਟੀ ਨੂੰ ਹਮੇਸ਼ਾ ਪਿਆਰ ਕਰਦੇ ਰਹਿਣਗੇ ਅਤੇ ਉਸ ਦੇ ਮਾਪੇ ਬਣੇ ਰਹਿਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਗਰਭ ਅਵਸਥਾ ਦੇ 9 ਮਹੀਨਿਆਂ ਦੌਰਾਨ ਬੱਚੀ ਨਾਲ ਉਨ੍ਹਾਂ ਦਾ ਅਜਿਹਾ ਮਜ਼ਬੂਤ ਭਾਵੁਕ ਰਿਸ਼ਤਾ ਬਣ ਗਿਆ ਹੈ ਜੋ ਕਦੇ ਟੁੱਟ ਨਹੀਂ ਸਕਦਾ। ਕਾਨੂੰਨੀ ਦਸਤਾਵੇਜ਼ਾਂ ਅਨੁਸਾਰ ਜੋੜੇ ਦੇ ਆਪਣੇ ਅਸਲੀ ਭਰੂਣਾਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ, ਜਿਸ ਕਾਰਨ ਕਲੀਨਿਕ ਵਿਰੁੱਧ ਮਾਨਸਿਕ ਸਦਮੇ ਅਤੇ ਹੋਰ ਖਰਚਿਆਂ ਲਈ ਮੁਕੱਦਮਾ ਜਾਰੀ ਰਹੇਗਾ।




