ਕੈਲਗਰੀ, 24 ਅਪ੍ਰੈਲ (ਦੇਸ ਪੰਜਾਬ ਟਾਇਮਜ਼):
ਮਾਂਟਰੀਅਲ ਦੇ ਜਨਤਕ ਸਿਹਤ ਵਿਭਾਗ ਨੇ ਸ਼ਹਿਰ ਵਿੱਚ ਨਸ਼ਿਆਂ ਦੀ ਓਵਰਡੋਜ਼ ਦੇ ਮਾਮਲਿਆਂ ਵਿੱਚ ਹੋਏ ਚਿੰਤਾਜਨਕ ਵਾਧੇ ਬਾਰੇ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ। ਸਿਹਤ ਅਧਿਕਾਰੀਆਂ ਅਨੁਸਾਰ ਮਾਰਚ ਦੇ ਅੰਤ ਤੋਂ ਲੈ ਕੇ ਹੁਣ ਤੱਕ ਗੈਰ-ਘਾਤਕ ਓਵਰਡੋਜ਼ ਦੇ ਅੰਕੜਿਆਂ ਵਿੱਚ ਵੱਡਾ ਉਛਾਲ ਦੇਖਿਆ ਗਿਆ ਹੈ। ਓਲਡ ਬਰੂਅਰੀ ਮਿਸ਼ਨ ਦੇ ਸੀਈਓ ਜੇਮਸ ਹਿਊਜ਼ ਅਨੁਸਾਰ ਉਨ੍ਹਾਂ ਦੇ ਸਟਾਫ ਨੇ ਹਰ ਹਫ਼ਤੇ ਲਗਭਗ 5 ਓਵਰਡੋਜ਼ ਦੇ ਮਾਮਲੇ ਦਰਜ ਕੀਤੇ ਹਨ ਜੋ ਕਿ ਇੱਕ ਗੰਭੀਰ ਸੰਕੇਤ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਸਥਿਤੀ ਵੱਖਰੀ ਹੈ ਕਿਉਂਕਿ ਫੈਂਟਾਨਿਲ ਦੇ ਨਾਲ ਹੁਣ ਕਾਰਫੈਂਟਾਨਿਲ ਦਾ ਮਿਸ਼ਰਣ ਵੀ ਪਾਇਆ ਜਾ ਰਿਹਾ ਹੈ। ਕਾਰਫੈਂਟਾਨਿਲ ਆਮ ਨਸ਼ਿਆਂ ਨਾਲੋਂ 100 ਗੁਣਾ ਵੱਧ ਸ਼ਕਤੀਸ਼ਾਲੀ ਅਤੇ ਜਾਨਲੇਵਾ ਹੈ। ਹਾਲਾਂਕਿ ਇਸ ਦੇ ਪ੍ਰਭਾਵ ਨੂੰ ਰੋਕਣ ਲਈ ਨਲੋਕਸੋਨ ਦਵਾਈ ਦੀ ਵਰਤੋਂ ਕੀਤੀ ਜਾ ਰਹੀ ਹੈ ਪਰ ਸਥਿਤੀ ਅਜੇ ਵੀ ਕੰਟਰੋਲ ਤੋਂ ਬਾਹਰ ਲੱਗ ਰਹੀ ਹੈ। ਅਰਜੈਂਸ ਸੈਂਟੇ ਅਨੁਸਾਰ 10 ਅਪ੍ਰੈਲ ਤੋਂ ਹੁਣ ਤੱਕ 67 ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਉਨ੍ਹਾਂ ਦੀਆਂ ਟੀਮਾਂ ਨੂੰ ਨਲੋਕਸੋਨ ਦੀ ਵਰਤੋਂ ਕਰਨੀ ਪਈ।
ਅੰਕੜਿਆਂ ਅਨੁਸਾਰ ਸਾਲ 2025 ਵਿੱਚ ਹਰ ਮਹੀਨੇ ਲਗਭਗ 75 ਮਾਮਲਿਆਂ ਵਿੱਚ ਨਲੋਕਸੋਨ ਦਿੱਤੀ ਜਾਂਦੀ ਸੀ ਪਰ ਹੁਣ ਇਹ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਅਧਿਕਾਰੀਆਂ ਨੇ ਚਿੰਤਾ ਜਤਾਈ ਹੈ ਕਿ ਅਸਲ ਅੰਕੜਾ ਇਸ ਤੋਂ ਵੀ ਕਿਤੇ ਵੱਧ ਹੋ ਸਕਦਾ ਹੈ ਕਿਉਂਕਿ ਕਈ ਵਾਰ ਆਮ ਲੋਕਾਂ ਵੱਲੋਂ ਹੀ ਇਹ ਦਵਾਈ ਦੇ ਦਿੱਤੀ ਜਾਂਦੀ ਹੈ ਜਿਸ ਦਾ ਰਿਕਾਰਡ ਦਰਜ ਨਹੀਂ ਹੁੰਦਾ। ਨਸ਼ੀਲੇ ਪਦਾਰਥਾਂ ਦੀ ਸਹੀ ਪਛਾਣ ਕਰਨਾ ਵੀ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ।
ਮਾਂਟਰੀਅਲ ਵਿੱਚ ਡਰੱਗ ਓਵਰਡੋਜ਼ ਦੇ ਮਾਮਲਿਆਂ ਵਿੱਚ ਚਿੰਤਾਜਨਕ ਵਾਧਾ




