ਐਫਬੀਆਈ ਡਾਇਰੈਕਟਰ ਕਾਸ਼ ਪਟੇਲ ਟਰੰਪ ਪ੍ਰਸ਼ਾਸਨ ਤੋਂ ਬਰਖਾਸਤ ਹੋਣ ਵਾਲੇ ਅਗਲੇ ਉੱਚ-ਪੱਧਰੀ ਅਧਿਕਾਰੀ ਹੋ ਸਕਦੇ ਹਨ। ਇਕ ਤਾਜ਼ਾ ਰਿਪੋਰਟ ਅਨੁਸਾਰ, ਵ੍ਹਾਈਟ ਹਾਊਸ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਕਾਸ਼ ਪਟੇਲ ਦੀ ਬਰਖਾਸਤਗੀ ਹੁਣ ਸਿਰਫ ਸਮੇਂ ਦੀ ਗੱਲ ਰਹਿ ਗਈ ਹੈ। ਭਾਰਤੀ ਮੂਲ ਦੇ ਪਟੇਲ ਆਪਣੇ 14 ਮਹੀਨਿਆਂ ਦੇ ਕਾਰਜਕਾਲ ਦੌਰਾਨ ਕਈ ਵਿਵਾਦਾਂ ਵਿੱਚ ਘਿਰੇ ਰਹੇ ਹਨ। ਉਨ੍ਹਾਂ ‘ਤੇ ਸ਼ਰਾਬ ਪੀਣ ਦੀਆਂ ਆਦਤਾਂ ਨਾਲ ਸਬੰਧਤ ਗੰਭੀਰ ਦੋਸ਼ ਲੱਗੇ ਹਨ, ਜਿਨ੍ਹਾਂ ਕਾਰਨ ਡੈਮੋਕ੍ਰੇਟਿਕ ਪਾਰਟੀ ਨੇ ਉਨ੍ਹਾਂ ਦੇ ਮਾਨਸਿਕ ਅਤੇ ਸਰੀਰਕ ਟੈਸਟ ਦੀ ਮੰਗ ਕੀਤੀ ਹੈ। ਪਟੇਲ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ 250 ਮਿਲੀਅਨ ਡਾਲਰ ਦਾ ਮਾਣਹਾਨੀ ਦਾ ਕੇਸ ਵੀ ਦਾਇਰ ਕੀਤਾ ਹੈ।
ਹਾਲ ਹੀ ਵਿੱਚ ਇਰਾਨ ਨਾਲ ਸਬੰਧਤ ਹੈਕਰਾਂ ਵਲੋਂ ਉਨ੍ਹਾਂ ਦੀ ਨਿੱਜੀ ਈਮੇਲ ਹੈਕ ਕਰਕੇ ਉਨ੍ਹਾਂ ਦੀਆਂ ਤਸਵੀਰਾਂ ਅਤੇ ਹੋਰ ਜਾਣਕਾਰੀ ਜਨਤਕ ਕਰ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਅਟਾਰਨੀ ਜਨਰਲ ਪਾਮ ਬੋਂਡੀ ਨੂੰ ਵੀ ਬਰਖਾਸਤ ਕਰ ਦਿੱਤਾ ਸੀ, ਜਿਨ੍ਹਾਂ ਨੂੰ ਕਾਸ਼ ਪਟੇਲ ਆਪਣਾ ਮਾਰਗਦਰਸ਼ਕ ਮੰਨਦੇ ਸਨ। ਪਾਮ ਬੋਂਡੀ ਦੀ ਥਾਂ ‘ਤੇ ਟੌਡ ਬਲਾਂਚੇ ਨੂੰ ਕਾਰਜਕਾਰੀ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੀਵਿਟ ਨੇ ਹਾਲਾਂਕਿ ਕਿਹਾ ਹੈ ਕਿ ਰਾਸ਼ਟਰਪਤੀ ਨੂੰ ਅਜੇ ਵੀ ਐਫਬੀਆਈ ਡਾਇਰੈਕਟਰ ‘ਤੇ ਭਰੋਸਾ ਹੈ, ਪਰ ਅੰਦਰੂਨੀ ਸੂਤਰਾਂ ਦਾ ਮੰਨਣਾ ਹੈ ਕਿ ਪਟੇਲ ਦੀ ਸਥਿਤੀ ਅਸਥਿਰ ਹੈ।




