ਇਰਾਨ ਨੇ ਹੋਰਮੂਜ਼ ਜਲਡਮਰੂ (Strait of Hormuz) ‘ਤੇ ਆਪਣੀ ਪਕੜ ਛੱਡਣ ਦੀ ਪੇਸ਼ਕਸ਼ ਕੀਤੀ ਹੈ, ਬਸ਼ਰਤੇ ਅਮਰੀਕਾ ਉਸ ‘ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾ ਦੇਵੇ ਅਤੇ ਯੁੱਧ ਖਤਮ ਕਰੇ। ਇਹ ਪ੍ਰਸਤਾਵ ਪਾਕਿਸਤਾਨ ਰਾਹੀਂ ਅਮਰੀਕਾ ਤੱਕ ਪਹੁੰਚਾਇਆ ਗਿਆ ਹੈ। ਇਰਾਨ ਨੇ ਸੁਝਾਅ ਦਿੱਤਾ ਹੈ ਕਿ ਪ੍ਰਮਾਣੂ ਪ੍ਰੋਗਰਾਮ ਨਾਲ ਸਬੰਧਤ ਵੱਡੇ ਮੁੱਦਿਆਂ ‘ਤੇ ਚਰਚਾ ਬਾਅਦ ਵਿੱਚ ਕੀਤੀ ਜਾ ਸਕਦੀ ਹੈ। ਹਾਲਾਂਕਿ, ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਸ ਪ੍ਰਸਤਾਵ ਨੂੰ ਸਵੀਕਾਰ ਕੀਤੇ ਜਾਣ ਦੀ ਸੰਭਾਵਨਾ ਘੱਟ ਹੈ ਕਿਉਂਕਿ ਇਸ ਵਿੱਚ ਉਨ੍ਹਾਂ ਮੁੱਖ ਵਿਵਾਦਾਂ ਦਾ ਹੱਲ ਨਹੀਂ ਹੈ ਜਿਨ੍ਹਾਂ ਕਾਰਨ ਯੁੱਧ ਸ਼ੁਰੂ ਹੋਇਆ ਸੀ।
ਹੋਰਮੂਜ਼ ਜਲਡਮਰੂ ਦੁਨੀਆ ਦੇ ਤੇਲ ਵਪਾਰ ਲਈ ਇਕ ਅਹਿਮ ਰਸਤਾ ਹੈ ਅਤੇ ਇਸ ਦੇ ਬੰਦ ਹੋਣ ਕਾਰਨ ਤੇਲ ਦੀਆਂ ਕੀਮਤਾਂ 50% ਤੱਕ ਵਧ ਗਈਆਂ ਹਨ। ਮੌਜੂਦਾ ਸਮੇਂ ਵਿੱਚ ਕੱਚਾ ਤੇਲ 108 ਡਾਲਰ ਪ੍ਰਤੀ ਬੈਰਲ ਦੇ ਕਰੀਬ ਵਿਕ ਰਿਹਾ ਹੈ। ਇਰਾਨ ਦੇ ਵਿਦੇਸ਼ ਮੰਤਰੀ ਨੇ ਹਾਲ ਹੀ ਵਿੱਚ ਰੂਸ ਦਾ ਦੌਰਾ ਕਰਕੇ ਰਾਸ਼ਟਰਪਤੀ ਪੁਤਿਨ ਨਾਲ ਵੀ ਮੁਲਾਕਾਤ ਕੀਤੀ ਹੈ। ਰੂਸ ਨੇ ਇਰਾਨ ਦੀ ਪ੍ਰਭੂਸੱਤਾ ਦੀ ਹਮਾਇਤ ਕੀਤੀ ਹੈ। ਦੂਜੇ ਪਾਸੇ, ਪਾਕਿਸਤਾਨ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਮੁੜ ਸ਼ੁਰੂ ਕਰਵਾਉਣ ਲਈ ਮੱਧਸਥੀ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਵਿਸ਼ਵ ਅਰਥਚਾਰੇ ‘ਤੇ ਵੀ ਮਾੜਾ ਅਸਰ ਪੈ ਰਿਹਾ ਹੈ।




