ਕੈਲਗਰੀ ਦੇ ਪੱਛਮ ਵਿੱਚ ਸਥਿਤ ਮਿਨੀ ਥਨੀ ਸਟੋਨੀ ਫਸਟ ਨੇਸ਼ਨ ਇਲਾਕੇ ਵਿੱਚ ਇੱਕ 38 ਸਾਲਾ ਔਰਤ ਦੀ ਹੱਤਿਆ ਦੇ ਮਾਮਲੇ ਵਿੱਚ ਇੱਕ 18 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੋਚਰੇਨ ਆਰਸੀਐਮਪੀ ਅਨੁਸਾਰ, ਐਤਵਾਰ ਸ਼ਾਮ ਨੂੰ ਇੱਕ ਘਰੇਲੂ ਝਗੜੇ ਦੀ ਸੂਚਨਾ ਮਿਲਣ ਤੋਂ ਬਾਅਦ ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ, ਤਾਂ ਉਨ੍ਹਾਂ ਨੂੰ ਇੱਕ ਘਰ ਵਿੱਚ ਔਰਤ ਦੀ ਮ੍ਰਿਤਕ ਦੇਹ ਮਿਲੀ।
ਮ੍ਰਿਤਕਾ ਦੀ ਪਛਾਣ ਕੈਲਗਰੀ ਦੀ ਰਹਿਣ ਵਾਲੀ ਕਾਇਲਾ ਰੋਥ ਵਜੋਂ ਹੋਈ ਹੈ। ਪੁਲਿਸ ਨੇ ਘਟਨਾ ਤੋਂ ਤੁਰੰਤ ਬਾਅਦ ਨੇੜਲੇ ਜੰਗਲੀ ਇਲਾਕੇ ਵਿੱਚੋਂ ਸ਼ੱਕੀ ਮੁਲਜ਼ਮ ਜਾਰਜ ਟੂਯੰਗਮੈਨ ਨੂੰ ਕਾਬੂ ਕਰ ਲਿਆ। ਪੋਸਟਮਾਰਟਮ ਦੀ ਰਿਪੋਰਟ ਵਿੱਚ ਪੁਸ਼ਟੀ ਹੋਈ ਹੈ ਕਿ ਇਹ ਇੱਕ ਕਤਲ ਦਾ ਮਾਮਲਾ ਹੈ। ਮੁਲਜ਼ਮ ‘ਤੇ ਦੂਜੇ ਦਰਜੇ ਦੇ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ।
ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਕਤਲ ਦੇ ਪਿੱਛੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਇਹ ਘਟਨਾ ਸਥਾਨਕ ਭਾਈਚਾਰੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਰਸੀਐਮਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਘਟਨਾ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ, ਤਾਂ ਉਹ ਪੁਲਿਸ ਨਾਲ ਜ਼ਰੂਰ ਸਾਂਝੀ ਕਰੇ।




