ਹੈਲਥ ਕੈਨੇਡਾ ਨੇ ਡਾਇਬਟੀਜ਼ ਦੇ ਇਲਾਜ ਲਈ ਵਰਤੀ ਜਾਣ ਵਾਲੀ ਪ੍ਰਸਿੱਧ ਦਵਾਈ ‘ਓਜ਼ੈਮਪਿਕ’ ਦੇ ਪਹਿਲੇ ਜੈਨਰਿਕ ਰੂਪ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਕੈਨੇਡਾ ਪਹਿਲਾ ਅਜਿਹਾ ਜੀ7 ਦੇਸ਼ ਬਣ ਗਿਆ ਹੈ ਜਿਸ ਨੇ ਜੈਨਰਿਕ ਸੈਮਾਗਲੂਟਾਈਡ (semaglutide) ਨੂੰ ਹਰੀ ਝੰਡੀ ਦਿੱਤੀ ਹੈ। ਇਹ ਦਵਾਈ ਭਾਰਤ ਦੀ ਡਾਕਟਰ ਰੈੱਡੀਜ਼ ਲੈਬਾਰਟਰੀਜ਼ ਦੁਆਰਾ ਤਿਆਰ ਕੀਤੀ ਜਾਵੇਗੀ ਅਤੇ ਟਾਈਪ 2 ਸ਼ੂਗਰ ਦੇ ਮਰੀਜ਼ਾਂ ਲਈ ਵਰਤੀ ਜਾਵੇਗੀ।
ਜੈਨਰਿਕ ਦਵਾਈਆਂ ਆਮ ਤੌਰ ‘ਤੇ ਅਸਲੀ ਦਵਾਈ ਨਾਲੋਂ 45 ਤੋਂ 90 ਫੀਸਦੀ ਤੱਕ ਸਸਤੀਆਂ ਹੁੰਦੀਆਂ ਹਨ। ਜਿਨ੍ਹਾਂ ਲੋਕਾਂ ਕੋਲ ਦਵਾਈਆਂ ਦਾ ਬੀਮਾ ਨਹੀਂ ਹੈ, ਉਨ੍ਹਾਂ ਲਈ ਇਹ ਬਹੁਤ ਵੱਡੀ ਰਾਹਤ ਹੋਵੇਗੀ ਕਿਉਂਕਿ ਅਸਲੀ ਓਜ਼ੈਮਪਿਕ ‘ਤੇ ਹਰ ਮਹੀਨੇ ਸੈਂਕੜੇ ਡਾਲਰ ਖਰਚ ਹੁੰਦੇ ਸਨ। ਹਾਲਾਂਕਿ ਇਹ ਸ਼ੂਗਰ ਲਈ ਹੈ, ਪਰ ਕਈ ਲੋਕ ਇਸ ਨੂੰ ਭਾਰ ਘਟਾਉਣ ਲਈ ਵੀ ਵਰਤਦੇ ਹਨ।
ਮਾਹਿਰਾਂ ਅਨੁਸਾਰ ਜਿਵੇਂ-ਜਿਵੇਂ ਹੋਰ ਕੰਪਨੀਆਂ ਮਾਰਕੀਟ ਵਿੱਚ ਆਉਣਗੀਆਂ, ਇਸ ਦਵਾਈ ਦੀ ਕੀਮਤ ਹੋਰ ਵੀ ਘੱਟ ਹੋ ਸਕਦੀ ਹੈ। ਹੈਲਥ ਕੈਨੇਡਾ ਇਸ ਸਮੇਂ ਅੱਠ ਹੋਰ ਅਰਜ਼ੀਆਂ ਦੀ ਜਾਂਚ ਕਰ ਰਿਹਾ ਹੈ। ਵਿਭਾਗ ਨੇ ਭਰੋਸਾ ਦਿੱਤਾ ਹੈ ਕਿ ਜੈਨਰਿਕ ਦਵਾਈ ਦੀ ਸੁਰੱਖਿਆ ਅਤੇ ਗੁਣਵੱਤਾ ਅਸਲੀ ਦਵਾਈ ਦੇ ਬਰਾਬਰ ਹੀ ਹੋਵੇਗੀ ਅਤੇ ਇਸ ਨਾਲ ਸਿਹਤ ਪ੍ਰਣਾਲੀ ‘ਤੇ ਵਿੱਤੀ ਬੋਝ ਵੀ ਘਟੇਗਾ।




