ਬ੍ਰਿਟਨੀ ਸਪੀਅਰਸ ਨੇ ਕੈਲੀਫੋਰਨੀਆ ਦੀ ਅਦਾਲਤ ਵਿੱਚ ਸ਼ਰਾਬ ਅਤੇ ਡਰੱਗਜ਼ ਪੀ ਕੇ ਗੱਡੀ ਚਲਾਉਣ ਦੇ ਦੋਸ਼ ਕਬੂਲ ਕਰ ਲਏ ਹਨ। ਇਸ ਦੋਸ਼ ਨੂੰ ਸਵੀਕਾਰ ਕਰਨ ਤੋਂ ਬਾਅਦ ਉਹ ਜੇਲ੍ਹ ਜਾਣ ਤੋਂ ਬਚ ਜਾਵੇਗੀ। ਉਸ ਦੇ ਵਕੀਲ ਨੇ ਵੈਨਟੂਰਾ ਕਾਊਂਟੀ ਦੇ ਜੱਜ ਸਾਹਮਣੇ ਪੇਸ਼ੀ ਭੁਗਤੀ। ਇਸ ਮਾਮਲੇ ਵਿੱਚ ਸਪੀਅਰਸ ਦਾ ਅਦਾਲਤ ਵਿੱਚ ਆਉਣਾ ਜ਼ਰੂਰੀ ਨਹੀਂ ਸੀ। ਜ਼ਿਲ੍ਹਾ ਅਟਾਰਨੀ ਐਰਿਕ ਨਸਾਰੇਨਕੋ ਨੇ ਦੱਸਿਆ ਕਿ ਸਪੀਅਰਸ ਨੇ ਆਪਣੀ ਗਲਤੀ ਮੰਨ ਲਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣਾ ਇੱਕ ਬਹੁਤ ਹੀ ਗੰਭੀਰ ਅਪਰਾਧ ਹੈ। ਹੁਣ ਸਪੀਅਰਸ ਨੂੰ ਪ੍ਰੋਬੇਸ਼ਨ ‘ਤੇ ਰੱਖਿਆ ਜਾਵੇਗਾ ਅਤੇ ਉਸ ਦੀ ਕਾਰ ਦੀ ਚੈਕਿੰਗ ਹੋ ਸਕਦੀ ਹੈ। ਜੇਕਰ ਉਸ ਨੂੰ ਪੁਲਿਸ ਰੋਕਦੀ ਹੈ ਤਾਂ ਉਸ ਨੂੰ ਮੌਕੇ ‘ਤੇ ਹੀ ਟੈਸਟ ਦੇਣਾ ਪਵੇਗਾ। ਅਦਾਲਤ ਨੇ ਇਹ ਵੀ ਯਕੀਨੀ ਬਣਾਇਆ ਹੈ ਕਿ ਸਪੀਅਰਸ ਆਪਣਾ ਮਾਨਸਿਕ ਸਿਹਤ ਅਤੇ ਨਸ਼ਾ ਛੁਡਾਊ ਇਲਾਜ ਜਾਰੀ ਰੱਖੇਗੀ। ਇਸ ਵਿੱਚ ਮਨੋਵਿਗਿਆਨੀ ਨਾਲ ਮੁਲਾਕਾਤਾਂ ਵੀ ਸ਼ਾਮਲ ਹੋਣਗੀਆਂ। ਸਰਕਾਰੀ ਵਕੀਲਾਂ ਨੇ ਦੱਸਿਆ ਕਿ ਉਸ ਨੂੰ ਡੀਯੂਆਈ ਕਲਾਸਾਂ ਲੈਣੀਆਂ ਪੈਣਗੀਆਂ ਅਤੇ ਜੁਰਮਾਨਾ ਵੀ ਭਰਨਾ ਪਵੇਗਾ। ਉਸ ਨੂੰ 4 ਮਾਰਚ ਨੂੰ ਅਮਰੀਕਾ ਦੇ 101 ਹਾਈਵੇ ‘ਤੇ ਤੇਜ਼ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।




