ਕੈਲਗਰੀ, 5 ਮਈ (ਦੇਸ ਪੰਜਾਬ ਟਾਈਮਜ਼):
ਅਮਰੀਕਾ ਵੱਲੋਂ ਹਾਰਮੁਜ਼ ਜਲਡਮਰੂ ਨੂੰ ਵਪਾਰਕ ਜਹਾਜ਼ਾਂ ਲਈ ਖੋਲ੍ਹਣ ਦੀ ਕੋਸ਼ਿਸ਼ ਤੋਂ ਬਾਅਦ ਈਰਾਨ ਨਾਲ ਜੰਗ ਦਾ ਖਤਰਾ ਮੁੜ ਮੰਡਰਾਉਣ ਲੱਗਾ ਹੈ। ਸੰਯੁਕਤ ਅਰਬ ਅਮੀਰਾਤ ਵੱਲੋਂ ਈਰਾਨ ਉੱਤੇ ਮਿਜ਼ਾਈਲਾਂ ਦਾਗਣ ਦੇ ਦੋਸ਼ਾਂ ਦੇ ਬਾਵਜੂਦ ਮੰਗਲਵਾਰ ਨੂੰ ਜੰਗਬੰਦੀ ਕਾਇਮ ਰਹੀ। ਈਰਾਨ ਦੇ ਸੰਸਦੀ ਸਪੀਕਰ ਮੁਹੰਮਦ ਬਾਘੇਰ ਕਾਲੀਬਾਫ ਨੇ ਅਮਰੀਕਾ ਉੱਤੇ ਖੇਤਰੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਦਾ ਦੋਸ਼ ਲਗਾਇਆ ਹੈ। ਅਮਰੀਕੀ ਫੌਜ ਨੇ ਦਾਅਵਾ ਕੀਤਾ ਹੈ ਕਿ ਸੋਮਵਾਰ ਨੂੰ ਦੋ ਅਮਰੀਕੀ ਵਪਾਰਕ ਜਹਾਜ਼ ਇਸ ਰਸਤੇ ਰਾਹੀਂ ਸੁਰੱਖਿਅਤ ਲੰਘੇ ਹਨ। ਅਮਰੀਕਾ ਨੇ ਈਰਾਨ ਦੀਆਂ 6 ਛੋਟੀਆਂ ਕਿਸ਼ਤੀਆਂ ਨੂੰ ਡੁਬਾਉਣ ਦਾ ਵੀ ਦਾਅਵਾ ਕੀਤਾ ਹੈ। ਦੂਜੇ ਪਾਸੇ ਈਰਾਨ ਦਾ ਕਹਿਣਾ ਹੈ ਕਿ ਅਮਰੀਕਾ ਨੇ ਦੋ ਨਾਗਰਿਕ ਕਿਸ਼ਤੀਆਂ ਨੂੰ ਨਿਸ਼ਾਨਾ ਬਣਾਇਆ ਹੈ ਜਿਸ ਵਿੱਚ 5 ਲੋਕ ਮਾਰੇ ਗਏ ਹਨ। ਈਰਾਨ ਵੱਲੋਂ ਇਸ ਰਸਤੇ ਨੂੰ ਬੰਦ ਕਰਨ ਕਾਰਨ ਦੁਨੀਆ ਭਰ ਵਿੱਚ ਤੇਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਈਰਾਨ ਨੇ ਅਮਰੀਕਾ ਦੀ ਇਸ ਕਾਰਵਾਈ ਨੂੰ ਜੰਗਬੰਦੀ ਦੀ ਉਲੰਘਣਾ ਦੱਸਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਈਰਾਨ ਦੀਆਂ ਇਨ੍ਹਾਂ ਕੋਸ਼ਿਸ਼ਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਅਮਰੀਕਾ ਦੇ ਇਸ ਆਪ੍ਰੇਸ਼ਨ ਦਾ ਮਕਸਦ ਫਸੇ ਹੋਏ ਸਮੁੰਦਰੀ ਜਹਾਜ਼ਾਂ ਨੂੰ ਬਾਹਰ ਕੱਢਣਾ ਹੈ।
ਅਮਰੀਕਾ ਅਤੇ ਈਰਾਨ ਵਿਚਾਲੇ ਮੁੜ ਵਧਿਆ ਤਣਾਅ




