ਕੈਲਗਰੀ, 5 ਮਈ (ਦੇਸ ਪੰਜਾਬ ਟਾਈਮਜ਼): ਕੈਨੇਡਾ ਸੋਮਵਾਰ ਤੋਂ ਫੈਡਰਲ ਪਬਲਿਕ ਸਰਵਿਸ ਦੇ ਅਧਿਕਾਰੀਆਂ ਨੂੰ ਹਫ਼ਤੇ ਵਿੱਚ ਪੰਜ ਦਿਨ ਦਫ਼ਤਰ ਆ ਕੇ ਕੰਮ ਕਰਨਾ ਪਵੇਗਾ। ਟਰੈਜ਼ਰੀ ਬੋਰਡ ਨੇ ਫਰਵਰੀ ਵਿੱਚ ਰਿਮੋਟ ਵਰਕ ਦੇ ਨਿਯਮਾਂ ਵਿੱਚ ਇਸ ਬਦਲਾਅ ਦਾ ਐਲਾਨ ਕੀਤਾ ਸੀ। ਬਾਕੀ ਸਾਰੇ ਕਰਮਚਾਰੀਆਂ ਨੂੰ 6 ਜੁਲਾਈ ਤੋਂ ਹਫ਼ਤੇ ਵਿੱਚ ਚਾਰ ਦਿਨ ਦਫ਼ਤਰ ਆਉਣਾ ਪਵੇਗਾ। ਇਹ ਨਵਾਂ ਨਿਯਮ ਸਿਰਫ਼ ਟਰੈਜ਼ਰੀ ਬੋਰਡ ਅਧੀਨ ਆਉਂਦੇ ਵਿਭਾਗਾਂ ਅਤੇ ਏਜੰਸੀਆਂ ‘ਤੇ ਲਾਗੂ ਹੋਵੇਗਾ। ਕੈਨੇਡਾ ਰੈਵੇਨਿਊ ਏਜੰਸੀ ਵਰਗੀਆਂ ਕੁਝ ਵੱਖਰੀਆਂ ਏਜੰਸੀਆਂ ਨੇ ਵੀ ਇਸੇ ਤਰਜ਼ ‘ਤੇ ਕੰਮ ਕਰਨ ਦਾ ਇਰਾਦਾ ਪ੍ਰਗਟਾਇਆ ਹੈ। ਕੋਵਿਡ 19 ਮਹਾਮਾਰੀ ਦੌਰਾਨ ਮਾਰਚ 2020 ਵਿੱਚ ਜ਼ਿਆਦਾਤਰ ਸਰਕਾਰੀ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਲਈ ਕਿਹਾ ਗਿਆ ਸੀ। ਸਤੰਬਰ 2024 ਤੋਂ ਕਰਮਚਾਰੀ ਹਫ਼ਤੇ ਵਿੱਚ ਤਿੰਨ ਦਿਨ ਦਫ਼ਤਰ ਆ ਰਹੇ ਸਨ। ਫੈਡਰਲ ਯੂਨੀਅਨਾਂ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੀਆਂ ਹਨ ਅਤੇ ਕੁਝ ਨੇ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਹਨ। ਮਾਰਚ 2025 ਦੇ ਅੰਕੜਿਆਂ ਅਨੁਸਾਰ ਸਰਕਾਰ ਕੋਲ 357,965 ਕਰਮਚਾਰੀ ਸਨ ਜਿਨ੍ਹਾਂ ਵਿੱਚੋਂ 9,340 ਐਗਜ਼ੀਕਿਊਟਿਵ ਸਨ।




