ਕੈਲਗਰੀ, 23 ਮਈ (ਦੇਸ ਪੰਜਾਬ ਟਾਈਮਜ਼): ਐਡਮਿੰਟਨ ਤੋਂ ਇੱਕ ਵਿਅਕਤੀ ਨੂੰ ਅਗਵਾ ਕਰਨ ਅਤੇ ਜਬਰਨ ਵਸੂਲੀ ਦੀ ਯੋਜਨਾ ਵਿੱਚ ਸ਼ਾਮਲ ਕੈਲਗਰੀ ਦੇ 29 ਸਾਲਾ ਨੌਜਵਾਨ ਗਗਨਦੀਪ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਗਗਨਦੀਪ ਸਿੰਘ ਦੇ ਖਿਲਾਫ ਹਥਿਆਰ ਦਿਖਾ ਕੇ ਅਗਵਾ ਕਰਨ, ਬੰਧਕ ਬਣਾਉਣ ਅਤੇ ਹਥਿਆਰਾਂ ਨਾਲ ਹਮਲਾ ਕਰਨ ਦੇ ਦੋਸ਼ਾਂ ਤਹਿਤ ਵਾਰੰਟ ਜਾਰੀ ਕੀਤੇ ਗਏ ਸਨ। ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 5 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਨੇ ਮੁੱਖ ਤੌਰ ‘ਤੇ ਸਾਊਥ ਏਸ਼ੀਅਨ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਸੀ। ਪੁਲਿਸ ਜਾਂਚ ਮੁਤਾਬਕ ਇਹ ਘਟਨਾ 6 ਮਈ ਨੂੰ ਵਾਪਰੀ ਸੀ, ਜਦੋਂ 4 ਹਥਿਆਰਬੰਦ ਵਿਅਕਤੀਆਂ ਨੇ ਐਡਮਿੰਟਨ ਸਥਿਤ ਇੱਕ ਘਰ ਵਿੱਚ ਵੜ ਕੇ ਪੀੜਤ ਨਾਲ ਕੁੱਟਮਾਰ ਕੀਤੀ ਅਤੇ ਬੰਦੂਕ ਦੀ ਨੋਕ ‘ਤੇ ਉਸ ਨੂੰ ਇੱਕ ਗੱਡੀ ਵਿੱਚ ਬਿਠਾ ਕੇ ਕੈਲਗਰੀ ਲੈ ਆਏ। ਸ਼ੱਕੀ ਮੁਲਜ਼ਮ ਪੀੜਤ ਨੂੰ ਕੈਲਗਰੀ ਦੇ ਉੱਤਰ-ਪੂਰਬੀ ਇਲਾਕੇ ਸਿਟੀਸਕੇਪ ਵਿੱਚ ਲੈ ਗਏ, ਜਿੱਥੇ ਹੋਰ ਮੁਲਜ਼ਮ ਵੀ ਮੌਜੂਦ ਸਨ। ਉਹ ਪੀੜਤ ਰਾਹੀਂ ਉਸ ਦੇ ਇੱਕ ਦੋਸਤ ਨੂੰ ਘਰੋਂ ਬਾਹਰ ਬੁਲਾਉਣਾ ਚਾਹੁੰਦੇ ਸਨ, ਤਾਂ ਜੋ ਉਸ ਕੋਲੋਂ ਮੋਟੀ ਰਕਮ ਵਸੂਲੀ ਜਾ ਸਕੇ। ਪੀੜਤ ਵੱਲੋਂ ਇਨਕਾਰ ਕਰਨ ‘ਤੇ ਉਸ ਨਾਲ ਦੁਬਾਰਾ ਕੁੱਟਮਾਰ ਕੀਤੀ ਗਈ। ਜਦੋਂ ਮੁਲਜ਼ਮ ਘਰ ਦੇ ਬਾਹਰ ਸਨ, ਤਾਂ ਉਸ ਦੇ ਦੋਸਤ ਅਤੇ ਪਤਨੀ ਨੇ ਉੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਵੀ ਹਥਿਆਰ ਦਿਖਾ ਕੇ ਡਰਾਇਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਅੰਦਰ ਜਾ ਕੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੈਟਿਸ ਟ੍ਰੇਲ ਨੇੜੇ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ, ਜਦੋਂ ਕਿ ਬਾਕੀ ਮੁਲਜ਼ਮ ਪੀੜਤ ਨੂੰ ਵਾਪਸ ਐਡਮਿੰਟਨ ਛੱਡ ਕੇ ਫਰਾਰ ਹੋ ਗਏ ਸਨ। ਪੁਲਿਸ ਨੇ 12 ਮਈ ਨੂੰ ਟੈਕਟੀਕਲ ਟੀਮ ਦੀ ਮਦਦ ਨਾਲ ਦੋ ਹੋਰ ਮੁਲਜ਼ਮਾਂ ਨੂੰ ਕਾਬੂ ਕੀਤਾ ਸੀ।





