ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦਾ ਨਾਮ ਮੌਜੂਦਾ ਸਮੇਂ ਵਿੱਚ ਕਾਫ਼ੀ ਸੁਰਖੀਆਂ ਬਟੋਰ ਰਿਹਾ ਹੈ। ਹਾਲ ਹੀ ਵਿੱਚ ਨਿਰਮਾਤਾ ਫਰਹਾਨ ਅਖ਼ਤਰ ਦੀ ਫ਼ਿਲਮ ‘ਡੌਨ 3’ ਨੂੰ ਛੱਡਣ ਦੇ ਮਾਮਲੇ ਨੂੰ ਲੈ ਕੇ ਰਣਵੀਰ ‘ਤੇ ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਵੱਲੋਂ ਪਾਬੰਦੀ (ਬੈਨ) ਲਗਾਈ ਗਈ ਹੈ। ਦੂਜੇ ਪਾਸੇ, ਰਣਵੀਰ ਸਿੰਘ ਨੇ ‘ਕਾਂਤਾਰਾ ਮਿਮਿਕਰੀ ਵਿਵਾਦ’ ਨੂੰ ਲੈ ਕੇ ਆਪਣੀ ਗ਼ਲਤੀ ਸੁਧਾਰੀ ਹੈ ਅਤੇ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਕਰਨਾਟਕ ਦੇ ਚਾਮੁੰਡੇਸ਼ਵਰੀ ਮੰਦਰ ਵਿੱਚ ਜਾ ਕੇ ਜਨਤਕ ਤੌਰ ‘ਤੇ ਮਾਫ਼ੀ ਮੰਗੀ ਹੈ। ਪਿਛਲੇ ਸਾਲ ਗੋਆ ਫ਼ਿਲਮ ਫੈਸਟੀਵਲ ਦੌਰਾਨ ਰਣਵੀਰ ਸਿੰਘ ਤੋਂ ਇੱਕ ਵੱਡੀ ਚੂਕ ਹੋ ਗਈ ਸੀ, ਜਿਸ ਕਾਰਨ ਅਦਾਕਾਰ ਨੂੰ ਕਾਨੂੰਨੀ ਚੱਕਰਾਂ ਵਿੱਚ ਫਸਣਾ ਪਿਆ ਸੀ। ਸਮਾਰੋਹ ਦੌਰਾਨ ਰਣਵੀਰ ਨੇ ਸਾਊਥ ਸੁਪਰਸਟਾਰ ਰਿਸ਼ਭ ਸ਼ੈੱਟੀ ਦੇ ਸਾਹਮਣੇ ਉਨ੍ਹਾਂ ਦੀ ਮਸ਼ਹੂਰ ਫ਼ਿਲਮ ‘ਕਾਂਤਾਰਾ ਚੈਪਟਰ-1’ ਵਿੱਚ ਦਿਖਾਏ ਗਏ ਦੈਵੀ ਸੀਨ (Panjurli Daiva) ਦੀ ਮਿਮਿਕਰੀ ਕੀਤੀ ਸੀ। ਇਸ ਨੂੰ ਲੈ ਕੇ ਰਣਵੀਰ ਸਿੰਘ ਦੀ ਕਾਫ਼ੀ ਆਲੋਚਨਾ ਹੋਈ ਸੀ ਅਤੇ ਉਨ੍ਹਾਂ ਖ਼ਿਲਾਫ਼ ਪੁਲਿਸ ਕੇਸ ਵੀ ਦਰਜ ਹੋਇਆ ਸੀ।





