ਕੈਲਗਰੀ, 4 ਜੂਨ (ਦੇਸ ਪੰਜਾਬ ਟਾਈਮਜ਼): ਟੋਰਾਂਟੋ ਪੁਲਿਸ ਨੇ ਯਹੂਦੀ ਭਾਈਚਾਰੇ ਵਿਰੁੱਧ ਹੋਏ ਦੋ ਸ਼ੱਕੀ ਨਫ਼ਰਤੀ ਹਮਲਿਆਂ ਦੇ ਸਬੰਧ ਵਿੱਚ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਖੀ ਕੈਥਰੀਨ ਸਟੀਫਨਸਨ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ਦੋ ਬਾਲਗ ਪੁਰਸ਼, ਇੱਕ ਨਾਬਾਲਗ ਲੜਕਾ ਅਤੇ ਇੱਕ ਨਾਬਾਲਗ ਲੜਕੀ ਸ਼ਾਮਲ ਹੈ। ਇਹਨਾਂ ਤੋਂ ਇਲਾਵਾ ਦੋ ਹੋਰ ਨਾਬਾਲਗ, ਜਿਨ੍ਹਾਂ ਵਿੱਚ ਇੱਕ ਲੜਕਾ ਅਤੇ ਇੱਕ ਲੜਕੀ ਸ਼ਾਮਲ ਹਨ, ਅਜੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹਨ। ਪੁਲਿਸ ਅਨੁਸਾਰ ਇਹ ਘਟਨਾਵਾਂ ਅਚਨਚੇਤ ਨਹੀਂ ਸਨ ਬਲਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਯਹੂਦੀ ਭਾਈਚਾਰੇ ਦੇ ਮੈਂਬਰਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਸੀ। ਇਹ ਹਮਲੇ ਪੂਰੀ ਤਰ੍ਹਾਂ ਯੋਜਨਾਬੱਧ ਸਨ ਅਤੇ ਇਹਨਾਂ ਨੂੰ ਅੰਜਾਮ ਦੇਣ ਵਿੱਚ ਇੱਕ ਤੋਂ ਵੱਧ ਲੋਕਾਂ ਦੀ ਮਿਲੀਭੁਗਤ ਸੀ। ਪਹਿਲੀ ਘਟਨਾ 30 ਅਪ੍ਰੈਲ ਨੂੰ ਬਾਥੁਰਸਟ ਸਟਰੀਟ ਅਤੇ ਲਾਰੈਂਸ ਐਵੇਨਿਊ ਵੈਸਟ ਇਲਾਕੇ ਵਿੱਚ ਵਾਪਰੀ ਸੀ। ਉੱਥੇ ਯਹੂਦੀ ਭਾਈਚਾਰੇ ਦੇ 3 ਮੈਂਬਰ ਪੈਦਲ ਜਾ ਰਹੇ ਸਨ ਜਦੋਂ ਇੱਕ ਨੀਲੇ ਰੰਗ ਦੀ ਐਸਯੂਵੀ ਗੱਡੀ ਵਿੱਚ ਸਵਾਰ ਸ਼ੱਕੀ ਵਿਅਕਤੀ ਨੇ ਉਹਨਾਂ ਤੇ ਨਕਲੀ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਪੀੜਤਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਸਨ। ਦੂਜੀ ਘਟਨਾ 7 ਮਈ ਨੂੰ ਸਵੇਰੇ ਕਰੀਬ 10:45 ਵਜੇ ਕੌਂਗਰੀਗੇਸ਼ਨ ਚੈਸੀਡੇਈ ਬੋਬੋਵ ਪ੍ਰਾਰਥਨਾ ਸਥਾਨ ਦੇ ਬਾਹਰ ਵਾਪਰੀ। ਉੱਥੇ ਵੀ ਇੱਕ ਗੱਡੀ ਵਿੱਚੋਂ ਨਕਲੀ ਹਥਿਆਰ ਰਾਹੀਂ ਯਹੂਦੀ ਭਾਈਚਾਰੇ ਦੇ 3 ਲੋਕਾਂ ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ।
ਯਹੂਦੀ ਭਾਈਚਾਰੇ ਤੇ ਹੋਏ ਨਫ਼ਰਤੀ ਹਮਲਿਆਂ ਦੇ ਮਾਮਲੇ ਵਿੱਚ ਟੋਰਾਂਟੋ ਪੁਲਿਸ ਵੱਲੋਂ 4 ਗ੍ਰਿਫਤਾਰੀਆਂ





