ਕੈਲਗਰੀ, 12 ਜੂਨ (ਦੇਸ ਪੰਜਾਬ ਟਾਈਮਜ਼): ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵਿੱਚ ਭਾਰਤੀ ਮੂਲ ਦੇ 44 ਸਾਲਾ ਫਾਈਨਾਂਸਰ ਮਹਿੰਦਰ ਮਖੀਜਾਨੀ ਨੂੰ 100 ਮਿਲੀਅਨ ਡਾਲਰ ਦੇ ਬੈਂਕ ਫਰਾਡ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਮਖੀਜਾਨੀ ਨੂੰ ਕਰੋਨਾ ਡੇਲ ਮਾਰ ਸਥਿਤ ਉਸਦੀ ਰਿਹਾਇਸ਼ ਤੋਂ ਹਿਰਾਸਤ ਵਿੱਚ ਲਿਆ ਗਿਆ। ਫੈਡਰਲ ਵਕੀਲਾਂ ਅਨੁਸਾਰ ਦੋਸ਼ ਸਾਬਤ ਹੋਣ ਉੱਤੇ ਉਸਨੂੰ 30 ਸਾਲ ਤੱਕ ਦੀ ਫੈਡਰਲ ਜੇਲ੍ਹ ਹੋ ਸਕਦੀ ਹੈ। ਮਖੀਜਾਨੀ ਨਿਊਪੋਰਟ ਬੀਚ ਸਥਿਤ ਕੈਂਟਰ ਗਰੁੱਪ ਵੀ ਐਲਐਲਸੀ ਦਾ ਸੰਚਾਲਨ ਕਰਦਾ ਸੀ। ਸਤੰਬਰ 2024 ਤੋਂ ਅਪ੍ਰੈਲ 2025 ਦਰਮਿਆਨ ਉਸਨੇ ਟਾਈਟਲ ਇੰਸ਼ੋਰੈਂਸ ਪਾਲਿਸੀਆਂ ਵਿੱਚ ਛੇੜਛਾੜ ਕਰਕੇ ਜਾਅਲੀ ਦਸਤਾਵੇਜ਼ ਤਿਆਰ ਕੀਤੇ ਤਾਂ ਜੋ ਉਹ ਬੈਂਕਾਂ ਤੋਂ ਭਾਰੀ ਕਰਜ਼ਾ ਲੈ ਸਕੇ। ਉਸਨੇ ਅਤੇ ਉਸਦੇ ਸਟਾਫ ਨੇ ਬੈਂਕਾਂ ਨੂੰ ਗੁੰਮਰਾਹ ਕਰਨ ਲਈ ਰਿਕਾਰਡ ਅਤੇ ਮੈਟਾਡੇਟਾ ਵਿੱਚ ਬਦਲਾਅ ਕੀਤੇ ਸਨ। ਆਈਆਰਐਸ ਅਨੁਸਾਰ ਇਹ ਬੈਂਕਾਂ ਨੂੰ ਧੋਖਾ ਦੇਣ ਦੀ ਸਾਜ਼ਿਸ਼ ਸੀ। ਫਰਾਡ ਤੋਂ ਇਲਾਵਾ ਉਸ ਉੱਤੇ ਬੈਂਕ ਕਰਮਚਾਰੀਆਂ ਨੂੰ ਨਸ਼ੇ ਅਤੇ ਸੈਕਸ ਵਰਕਰਾਂ ਵਾਲੀਆਂ ਪਾਰਟੀਆਂ ਰਾਹੀਂ ਬਲੈਕਮੇਲ ਕਰਨ ਅਤੇ ਆਪਣੇ ਸਟਾਫ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਗੰਭੀਰ ਦੋਸ਼ ਹਨ। ਉਹ ਪ੍ਰਾਈਵੇਟ ਜੈੱਟ, 2 ਮਹਿਲ ਨੁਮਾ ਘਰਾਂ ਅਤੇ ਬੈਂਟਲੇ, ਪੋਰਸ਼ੇ ਤੇ ਮਰਸਡੀਜ਼ ਵਰਗੀਆਂ ਕਾਰਾਂ ਨਾਲ ਸ਼ਾਹੀ ਜੀਵਨ ਬਤੀਤ ਕਰ ਰਿਹਾ ਸੀ। ਪਿਛਲੇ ਮਹੀਨੇ ਇੱਕ ਜਾਇਦਾਦ ਵਿਵਾਦ ਵਿੱਚ ਉਸਨੂੰ 1.3 ਬਿਲੀਅਨ ਡਾਲਰ ਦੇ ਨੁਕਸਾਨ ਲਈ ਵੀ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਫਿਲਹਾਲ ਉਸਨੂੰ ਸੈਂਟਾ ਐਨਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ।
ਜਾਅਲੀ ਦਸਤਾਵੇਜ਼ਾਂ ਅਤੇ ਬਲੈਕਮੇਲਿੰਗ ਰਾਹੀਂ ਬੈਂਕਾਂ ਨੂੰ ਚੂਨਾ ਲਗਾਉਣ ਵਾਲਾ ਮਹਿੰਦਰ ਮਖੀਜਾਨੀ ਕਾਬੂ





