ਸਾਲ 2024 ਵਿੱਚ ਸੋਨੀਆ ਮੈਸੀ ਦਾ ਕਤਲ ਕਰਨ ਵਾਲੇ ਇਲੀਨੋਇਸ ਦੇ ਸਾਬਕਾ ਸ਼ੈਰਿਫ ਡਿਪਟੀ ਸ਼ੌਨ ਗ੍ਰੇਸਨ ਦੀ ਐਤਵਾਰ ਨੂੰ ਜੇਲ੍ਹ ਵਿੱਚ ਮੌਤ ਹੋ ਗਈ ਹੈ। ਉਹ 20 ਸਾਲ ਦੀ ਸਜ਼ਾ ਕੱਟ ਰਿਹਾ ਸੀ। ਗ੍ਰੇਸਨ ਦੇ ਵਕੀਲ ਡੇਨੀਅਲ ਫੁਲਟਜ਼ ਨੇ ਮੌਤ ਦੀ ਪੁਸ਼ਟੀ ਕੀਤੀ ਹੈ ਪਰ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ। 32 ਸਾਲਾ ਗ੍ਰੇਸਨ ਨੂੰ ਅਕਤੂਬਰ ਵਿੱਚ 36 ਸਾਲਾ ਸੋਨੀਆ ਮੈਸੀ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ। ਸੋਨੀਆ ਮੈਸੀ ਨੇ ਆਪਣੇ ਘਰ ਦੇ ਬਾਹਰ ਕਿਸੇ ਸ਼ੱਕੀ ਵਿਅਕਤੀ ਦੇ ਹੋਣ ਦੀ ਸੂਚਨਾ ਦਿੱਤੀ ਸੀ। ਜੁਲਾਈ 2024 ਦੀ ਇੱਕ ਵੀਡੀਓ ਵਿੱਚ ਦੇਖਿਆ ਗਿਆ ਸੀ ਕਿ ਮੈਸੀ ਆਪਣੀ ਰਸੋਈ ਵਿੱਚ ਬੈਠੀ ਮੁਆਫੀ ਮੰਗ ਰਹੀ ਸੀ ਜਦੋਂ ਗ੍ਰੇਸਨ ਨੇ ਉਸਦੇ ਚਿਹਰੇ ਉੱਤੇ ਗੋਲੀ ਮਾਰ ਦਿੱਤੀ ਸੀ। ਗ੍ਰੇਸਨ ਨੂੰ ਜਨਵਰੀ ਵਿੱਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਸਨੂੰ ਕੌਲਨ ਕੈਂਸਰ ਦੀ ਬਿਮਾਰੀ ਸੀ ਜੋ ਕਿ ਉਸਦੇ ਫੇਫੜਿਆਂ ਤੱਕ ਫੈਲ ਚੁੱਕੀ ਸੀ। ਮਈ ਮਹੀਨੇ ਵਿੱਚ ਉਸਨੇ ਬਿਮਾਰੀ ਦੇ ਆਧਾਰ ਉੱਤੇ ਰਿਹਾਈ ਦੀ ਮੰਗ ਕੀਤੀ ਸੀ ਪਰ ਸਬੰਧਤ ਬੋਰਡ ਨੇ ਉਸਦੀ ਅਪੀਲ ਰੱਦ ਕਰ ਦਿੱਤੀ ਸੀ। ਅਧਿਕਾਰੀਆਂ ਦਾ ਕਹਿਣਾ ਸੀ ਕਿ ਉਸਨੂੰ ਰਿਹਾਅ ਕਰਨਾ ਸੋਨੀਆ ਮੈਸੀ ਦੀ ਯਾਦ ਅਤੇ ਉਸਦੇ ਪਰਿਵਾਰ ਦਾ ਅਪਮਾਨ ਹੋਵੇਗਾ। ਮੈਸੀ ਦੇ ਪਰਿਵਾਰ ਨੂੰ ਪ੍ਰਸ਼ਾਸਨ ਵੱਲੋਂ 2025 ਦੀ ਸ਼ੁਰੂਆਤ ਵਿੱਚ 10 ਮਿਲੀਅਨ ਡਾਲਰ ਦਾ ਮੁਆਵਜ਼ਾ ਦਿੱਤਾ ਗਿਆ ਸੀ।
ਸੋਨੀਆ ਮੈਸੀ ਨੂੰ ਮਾਰਨ ਵਾਲੇ ਸਾਬਕਾ ਪੁਲਿਸ ਅਧਿਕਾਰੀ ਸ਼ੌਨ ਗ੍ਰੇਸਨ ਦੀ ਜੇਲ੍ਹ ਵਿੱਚ ਮੌਤ





