ਸਾਬਕਾ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਅਤੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਜੈਫਰੀ ਐਪਸਟੀਨ ਨਾਲ ਕਥਿਤ ਸਬੰਧਾਂ ਦੀ ਜਾਂਚ ਦੇ ਮਾਮਲੇ ਵਿੱਚ ਹਾਊਸ ਓਵਰਸਾਈਟ ਕਮੇਟੀ ਅੱਗੇ ਆਪਣੀ ਗਵਾਹੀ ਦੇਣ ਜਾ ਰਹੇ ਹਨ। ਵੀਰਵਾਰ ਨੂੰ ਹਿਲੇਰੀ ਕਲਿੰਟਨ ਦੀ ਗਵਾਹੀ ਹੋਵੇਗੀ ਅਤੇ ਇਸ ਤੋਂ ਅਗਲੇ ਦਿਨ ਭਾਵ ਸ਼ੁੱਕਰਵਾਰ ਨੂੰ ਬਿੱਲ ਕਲਿੰਟਨ ਕਮੇਟੀ ਦੇ ਸਵਾਲਾਂ ਦੇ ਜਵਾਬ ਦੇਣਗੇ। ਇਹ ਪੁੱਛਗਿੱਛ ਕੈਪੀਟਲ ਹਿੱਲ ਦੀ ਬਜਾਏ ਨਿਊਯਾਰਕ ਦੇ ਚਪਾਕੁਆ ਵਿੱਚ ਉਨ੍ਹਾਂ ਦੇ ਘਰ ਦੇ ਨਜ਼ਦੀਕ ਇੱਕ ਬੰਦ ਕਮਰੇ ਵਿੱਚ ਹੋਵੇਗੀ। ਕਈ ਸਾਲਾਂ ਤੋਂ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕਲਿੰਟਨ ਪਰਿਵਾਰ ਅਤੇ ਐਪਸਟੀਨ ਦੇ ਸਬੰਧਾਂ ਬਾਰੇ ਕਈ ਤਰ੍ਹਾਂ ਦੀਆਂ ਅਫਵਾਹਾਂ ਅਤੇ ਦੋਸ਼ ਲਗਾਏ ਜਾਂਦੇ ਰਹੇ ਹਨ। ਟਰੰਪ ਵੱਲੋਂ ਦਾਅਵਾ ਕੀਤਾ ਜਾਂਦਾ ਰਿਹਾ ਹੈ ਕਿ ਬਿੱਲ ਕਲਿੰਟਨ ਕਈ ਵਾਰ ਐਪਸਟੀਨ ਦੇ ਬਦਨਾਮ ਟਾਪੂ ਉੱਤੇ ਗਏ ਸਨ। ਹਾਲਾਂਕਿ ਗਿਆਰਾਂ ਸਾਲਾਂ ਬਾਅਦ ਵੀ ਇਸ ਗੱਲ ਦਾ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ ਕਿ ਕਲਿੰਟਨ ਕਦੇ ਉਸ ਟਾਪੂ ਉੱਤੇ ਗਏ ਸਨ।




