ਕੈਲਗਰੀ, 14 ਅਪ੍ਰੈਲ (ਦੇਸ ਪੰਜਾਬ ਟਾਇਮਜ਼):
ਕੈਨੇਡਾ ਦੀ ਰਾਜਨੀਤੀ ਵਿੱਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਸੋਮਵਾਰ ਨੂੰ ਹੋਈਆਂ ਉਪ-ਚੋਣਾਂ ਵਿੱਚ ਲਿਬਰਲ ਪਾਰਟੀ ਨੇ ਸ਼ਾਨਦਾਰ ਜਿੱਤ ਦਰਜ ਕਰਦਿਆਂ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਹੁਣ ਕੈਨੇਡੀਅਨ ਲੋਕਾਂ ਨੂੰ ਸਰਕਾਰ ਵੱਲੋਂ ਜ਼ਿਆਦਾ ਗੰਭੀਰਤਾ ਅਤੇ ਘੱਟ ਦਿਖਾਵੇਬਾਜ਼ੀ ਦੇਖਣ ਨੂੰ ਮਿਲੇਗੀ। ਇਹ ਜਿੱਤ ਲਿਬਰਲ ਪਾਰਟੀ ਲਈ ਬਹੁਤ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਇਸ ਨਾਲ ਸਰਕਾਰ ਦੇ ਕੰਮਕਾਜ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ। ਲਿਬਰਲ ਪਾਰਟੀ ਨੇ ਓਨਟਾਰੀਓ ਦੇ ਯੂਨੀਵਰਸਿਟੀ-ਰੋਜ਼ਡੇਲ ਅਤੇ ਸਕਾਰਬਰੋ ਸਾਊਥਵੈਸਟ ਹਲਕਿਆਂ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਇਸ ਤੋਂ ਇਲਾਵਾ ਕਿਊਬਿਕ ਦੇ ਟੈਰੇਬੋਨ ਹਲਕੇ ਵਿੱਚ ਵੀ ਸਖ਼ਤ ਮੁਕਾਬਲੇ ਤੋਂ ਬਾਅਦ ਜਿੱਤ ਹਾਸਲ ਕੀਤੀ ਗਈ ਹੈ। ਇਹਨਾਂ ਤਿੰਨਾਂ ਸੀਟਾਂ ‘ਤੇ ਜਿੱਤ ਦੇ ਨਾਲ ਹੀ ਹੁਣ ਲਿਬਰਲ ਪਾਰਟੀ ਕੋਲ ਕੁੱਲ 174 ਐਮਪੀ ਹੋ ਗਏ ਹਨ। ਇਸ ਬਹੁਮਤ ਨਾਲ ਕਾਰਨੀ ਸਰਕਾਰ ਹੁਣ ਵਿਰੋਧੀ ਪਾਰਟੀਆਂ ਦੇ ਸਹਿਯੋਗ ਤੋਂ ਬਿਨਾਂ ਹੀ ਅਹਿਮ ਕਾਨੂੰਨ ਪਾਸ ਕਰ ਸਕਣ ਦੇ ਸਮਰੱਥ ਹੋ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਰਕ ਕਾਰਨੀ ਨੇ ਕਿਹਾ ਕਿ ਅਸਲ ਤੱਥਾਂ ਅਤੇ ਕਾਨੂੰਨੀ ਪਹਿਲੂਆਂ ‘ਤੇ ਬਹਿਸ ਕਰਨ ਅਤੇ ਸਿਆਸੀ ਦਿਖਾਵੇਬਾਜ਼ੀ ਵਿੱਚ ਬਹੁਤ ਵੱਡਾ ਅੰਤਰ ਹੁੰਦਾ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਹੁਣ ਦਿਖਾਵੇਬਾਜ਼ੀ ਨੂੰ ਪਿੱਛੇ ਛੱਡ ਕੇ ਸਿਰਫ਼ ਲੋਕ ਹਿੱਤਾਂ ਅਤੇ ਜ਼ਰੂਰੀ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕਰੇਗੀ। ਉਨ੍ਹਾਂ ਅਨੁਸਾਰ ਸਰਕਾਰ ਦਾ ਮੁੱਖ ਮਕਸਦ ਸਿਆਸੀ ਰੌਲੇ-ਰੱਪੇ ਦੀ ਬਜਾਏ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨਾ ਹੈ।
ਜ਼ਿਮਨੀ ਚੋਣਾਂ ‘ਚ ਲਿਬਰਲ ਦੀ ਹੁੰਝਾ ਫੇਰ ਜਿੱਤ ਕਾਰਨੀ ਸਰਕਾਰ ਨੇ ਹਾਸਲ ਕੀਤਾ ਬਹੁਮਤ



