ਕੈਨੇਡਾ ਰੈਵੇਨਿਊ ਏਜੰਸੀ (CRA) ਨੇ ਦੇਸ਼ ਦੇ ਟੈਕਸ ਦਾਤਾਵਾਂ ਨੂੰ ਭਰੋਸਾ ਦਿਵਾਇਆ ਹੈ ਕਿ ਇਸ ਸਾਲ ਟੈਕਸ ਭਰਨ ਦਾ ਸੀਜ਼ਨ ਪਿਛਲੇ ਸਾਲਾਂ ਦੇ ਮੁਕਾਬਲੇ ਕਾਫੀ ਸੁਖਾਲਾ ਅਤੇ ਸੁਵਿਧਾਜਨਕ ਰਹੇਗਾ। ਪਿਛਲੇ ਸਾਲ ਏਜੰਸੀ ਨੂੰ ਫੋਨ ਲਾਈਨਾਂ ਉੱਤੇ ਬਹੁਤ ਜ਼ਿਆਦਾ ਉਡੀਕ ਸਮੇਂ ਅਤੇ ਪ੍ਰਤੀਨਿਧੀਆਂ ਵੱਲੋਂ ਦਿੱਤੀ ਗਈ ਗਲਤ ਜਾਣਕਾਰੀ ਕਾਰਨ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਇਹਨਾਂ ਖਾਮੀਆਂ ਨੂੰ ਦੂਰ ਕਰਨ ਲਈ ਏਜੰਸੀ ਨੇ ਆਪਣੇ ਕੰਮਕਾਜ ਵਿੱਚ ਵੱਡੇ ਪੱਧਰ ਉੱਤੇ ਬਦਲਾਅ ਕੀਤੇ ਹਨ। ਸਰਕਾਰ ਦੁਆਰਾ ਦਿੱਤੇ ਗਏ ਸੇਵਾ ਸੁਧਾਰ ਨਿਰਦੇਸ਼ਾਂ ਦੇ ਤਹਿਤ ਇੱਕ ਵਿਸ਼ੇਸ਼ ਯੋਜਨਾ ਉਲੀਕੀ ਗਈ ਸੀ, ਜਿਸਦਾ ਮੁੱਖ ਕੇਂਦਰ ਕਾਲ ਸੈਂਟਰਾਂ ਵਿੱਚ ਹੋਣ ਵਾਲੀ ਦੇਰੀ ਨੂੰ ਘਟਾਉਣਾ ਸੀ। ਇਹ ਸੁਧਾਰ ਪ੍ਰਕਿਰਿਆ ਦਸੰਬਰ ਮਹੀਨੇ ਵਿੱਚ ਮੁਕੰਮਲ ਕਰ ਲਈ ਗਈ ਸੀ ਅਤੇ ਉਦੋਂ ਤੋਂ ਹੀ ਏਜੰਸੀ ਨੇ ਆਪਣੀਆਂ ਵੈੱਬਸਾਈਟਾਂ ਨੂੰ ਸਰਲ ਬਣਾਉਣ, ਵਧੇਰੇ ਕਰਮਚਾਰੀ ਭਰਤੀ ਕਰਨ ਅਤੇ ਜਾਣਕਾਰੀ ਦੀ ਸ਼ੁੱਧਤਾ ਲਈ ਨਵੇਂ ਮਾਪਦੰਡ ਤੈਅ ਕਰਨ ਉੱਤੇ ਕੰਮ ਕੀਤਾ ਹੈ।
ਏਜੰਸੀ ਦੀ ਸਹਾਇਕ ਕਮਿਸ਼ਨਰ ਮੇਲਾਨੀ ਸਰਜੈਕ ਨੇ ਮੰਨਿਆ ਹੈ ਕਿ ਅਤੀਤ ਵਿੱਚ ਉਹਨਾਂ ਦੀਆਂ ਸੇਵਾਵਾਂ ਚੁਣੌਤੀਪੂਰਨ ਰਹੀਆਂ ਹਨ, ਪਰ ਹੁਣ ਉਹਨਾਂ ਦਾ ਪੂਰਾ ਧਿਆਨ ਕੈਨੇਡੀਅਨ ਨਾਗਰਿਕਾਂ ਨਾਲ ਹੋਣ ਵਾਲੇ ਸੰਪਰਕ ਨੂੰ ਬਿਹਤਰ ਬਣਾਉਣ ਉੱਤੇ ਹੈ। ਸਾਲ 2025 ਦੇ ਟੈਕਸ ਭਰਨ ਦਾ ਸੀਜ਼ਨ ਅਧਿਕਾਰਤ ਤੌਰ ਉੱਤੇ ਇਸ ਆਉਣ ਵਾਲੇ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇਹ ਪ੍ਰਕਿਰਿਆ ਲਗਭਗ ਨੌਂ ਹਫਤਿਆਂ ਤੱਕ ਜਾਰੀ ਰਹੇਗੀ ਅਤੇ ਬਹੁਤੇ ਟੈਕਸ ਦਾਤਾਵਾਂ ਲਈ ਆਪਣਾ ਟੈਕਸ ਰਿਟਰਨ ਦਾਖਲ ਕਰਨ ਦੀ ਅੰਤਿਮ ਮਿਤੀ 30 ਅਪ੍ਰੈਲ ਤੈਅ ਕੀਤੀ ਗਈ ਹੈ। ਇਸ ਸਮੇਂ ਦੌਰਾਨ ਏਜੰਸੀ ਨੇ ਆਪਣੇ ਸਵੈ-ਸੇਵਾ (self-serve) ਵਿਕਲਪਾਂ ਨੂੰ ਵਧਾਉਣ ਉੱਤੇ ਜ਼ੋਰ ਦਿੱਤਾ ਹੈ ਤਾਂ ਜੋ ਫੋਨ ਲਾਈਨਾਂ ਉੱਤੇ ਪੈਣ ਵਾਲੇ ਬੋਝ ਨੂੰ ਘਟਾਇਆ ਜਾ ਸਕੇ। ਇਸ ਸਾਲ ਕੀਤੇ ਗਏ ਮੁੱਖ ਸੁਧਾਰਾਂ ਵਿੱਚੋਂ ਇੱਕ ‘CRA My Account’ ਪੋਰਟਲ ਦਾ ਨਵੀਨੀਕਰਨ ਹੈ।
ਹੁਣ ਟੈਕਸ ਦਾਤਾ ਆਪਣੇ ਖਾਤੇ ਦਾ ਬਕਾਇਆ ਦੇਖ ਸਕਦੇ ਹਨ ਅਤੇ ਕਿਸੇ ਕਲੈਕਸ਼ਨ ਏਜੰਟ ਨਾਲ ਗੱਲ ਕੀਤੇ ਬਿਨਾਂ ਹੀ ਖੁਦ ਆਪਣਾ ਪੇਮੈਂਟ ਪਲਾਨ ਤੈਅ ਕਰ ਸਕਦੇ ਹਨ। ਮੇਲਾਨੀ ਸਰਜੈਕ ਅਨੁਸਾਰ ਖਾਤੇ ਵਿੱਚ ਮੁਢਲੀ ਜਾਣਕਾਰੀ ਜਿਵੇਂ ਕਿ ਨਾਮ, ਪਤਾ ਅਤੇ ਬੈਂਕਿੰਗ ਵੇਰਵਿਆਂ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਨਾਲ ਆਨਲਾਈਨ ਟੈਕਸ ਭਰਨ ਵੇਲੇ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਹੀਂ ਆਵੇਗੀ। ਇਸ ਤੋਂ ਇਲਾਵਾ, ਜਿਹੜੇ ਲੋਕ ਆਪਣੇ ਖਾਤੇ ਦਾ ਪਾਸਵਰਡ ਭੁੱਲ ਜਾਣਗੇ ਜਾਂ ਖਾਤਾ ਲਾਕ ਹੋ ਜਾਵੇਗਾ, ਉਹ ਹੁਣ ਸੁਰੱਖਿਆ ਸਵਾਲਾਂ ਦੇ ਜਵਾਬ ਦੇ ਕੇ ਇਸਨੂੰ ਦੁਬਾਰਾ ਚਾਲੂ ਕਰ ਸਕਣਗੇ। ਪਹਿਲਾਂ ਇਸ ਕੰਮ ਲਈ ਹੈਲਪਲਾਈਨ ਉੱਤੇ ਫੋਨ ਕਰਕੇ ਲੰਮੀ ਉਡੀਕ ਕਰਨੀ ਪੈਂਦੀ ਸੀ।
ਨਵੇਂ ਟੈਕਸ ਦਾਤਾਵਾਂ ਲਈ ਵੀ ਪ੍ਰਕਿਰਿਆ ਨੂੰ ਤੇਜ਼ ਕੀਤਾ ਗਿਆ ਹੈ। ਹੁਣ ਪਹਿਲੀ ਵਾਰ ਖਾਤਾ ਬਣਾਉਣ ਵਾਲਿਆਂ ਨੂੰ ਡਾਕ ਰਾਹੀਂ ਲੌਗ-ਇਨ ਕੋਡ ਆਉਣ ਦੀ ਕਈ ਦਿਨਾਂ ਤੱਕ ਉਡੀਕ ਨਹੀਂ ਕਰਨੀ ਪਵੇਗੀ। ਉਹ ਸਰਕਾਰੀ ਪਛਾਣ ਪੱਤਰਾਂ ਰਾਹੀਂ ਆਪਣੀ ਪਛਾਣ ਦੀ ਪੁਸ਼ਟੀ ਤੁਰੰਤ ਕਰ ਸਕਣਗੇ। ਇੱਕ ਹੋਰ ਵੱਡਾ ਬਦਲਾਅ ਇਹ ਹੈ ਕਿ ਏਜੰਸੀ ਹੁਣ ਟੈਕਸ ਨਿਰਧਾਰਨ ਦੇ ਨੋਟਿਸ (Notice of Assessment) ਡਾਕ ਰਾਹੀਂ ਭੇਜਣੇ ਬੰਦ ਕਰ ਰਹੀ ਹੈ ਅਤੇ ਇਹ ਸਿਰਫ ਆਨਲਾਈਨ ਹੀ ਉਪਲਬਧ ਹੋਣਗੇ। ਇਸ ਦੇ ਨਾਲ ਹੀ ਵੈੱਬਸਾਈਟ ਉੱਤੇ ਦਿੱਤੀ ਗਈ ਜਾਣਕਾਰੀ ਨੂੰ ਵੀ ਸਮਝਣ ਵਿੱਚ ਆਸਾਨ ਬਣਾਇਆ ਗਿਆ ਹੈ।
ਤਕਨਾਲੋਜੀ ਦੇ ਖੇਤਰ ਵਿੱਚ ਏਜੰਸੀ ਨੇ ਪਿਛਲੇ ਸਾਲ ਮਾਰਚ ਵਿੱਚ ਲਾਂਚ ਕੀਤੇ ਆਪਣੇ ਜਨਰੇਟਿਵ ਏਆਈ (AI) ਚੈਟਬੋਟ ਦਾ ਵਿਸਥਾਰ ਕੀਤਾ ਹੈ। ਪੁਰਾਣੇ ਚੈਟਬੋਟ ‘ਚਾਰਲੀ’ ਨੂੰ ਸੇਵਾਮੁਕਤ ਕਰ ਦਿੱਤਾ ਗਿਆ ਹੈ ਕਿਉਂਕਿ ਉਹ ਸਿਰਫ ਪਹਿਲਾਂ ਤੋਂ ਤੈਅ ਕੀਤੇ ਗਏ ਜਵਾਬ ਹੀ ਦੇ ਸਕਦਾ ਸੀ। ਨਵਾਂ ਏਆਈ ਚੈਟਬੋਟ ਹੁਣ ਵਧੇਰੇ ਗੁੰਝਲਦਾਰ ਸਵਾਲਾਂ ਦੇ ਸਹੀ ਜਵਾਬ ਦੇਣ ਦੇ ਸਮਰੱਥ ਹੈ। ਜਿਹੜੇ ਲੋਕ ਕਿਸੇ ਅਸਲੀ ਪ੍ਰਤੀਨਿਧੀ ਨਾਲ ਗੱਲ ਕਰਨਾ ਚਾਹੁੰਦੇ ਹਨ, ਉਹਨਾਂ ਲਈ ਵੀ ਆਨਲਾਈਨ ਚੈਟ ਦਾ ਸਮਾਂ ਤਿੰਨ ਘੰਟੇ ਵਧਾ ਦਿੱਤਾ ਗਿਆ ਹੈ। ਹੁਣ ਇਹ ਸੇਵਾ ਕੰਮ ਵਾਲੇ ਦਿਨਾਂ ਵਿੱਚ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਉਪਲਬਧ ਰਹੇਗੀ।




