ਕੈਲਗਰੀ, 17 ਮਾਰਚ (ਦੇਸ ਪੰਜਾਬ ਟਾਇਮਜ਼):
ਕੈਲਗਰੀ ਸ਼ਹਿਰ ਵਿੱਚ ‘ਬਲੈਂਕੇਟ ਰੀਜ਼ੋਨਿੰਗ’ ਦਾ ਵਿਵਾਦਪੂਰਨ ਮੁੱਦਾ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸ਼ਹਿਰ ਦੀ ਨਵੀਂ ਚੁਣੀ ਗਈ ਕੌਂਸਲ ਅਗਲੇ ਹਫ਼ਤੇ ਇਸ ਮਾਮਲੇ ‘ਤੇ ਇੱਕ ਅਹਿਮ ਜਨਤਕ ਸੁਣਵਾਈ ਸ਼ੁਰੂ ਕਰਨ ਜਾ ਰਹੀ ਹੈ, ਜਿਸ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਕਾਫੀ ਉਤਸ਼ਾਹ ਅਤੇ ਚਿੰਤਾ ਦੇਖਣ ਨੂੰ ਮਿਲ ਰਹੀ ਹੈ। ਇਹ ਸੁਣਵਾਈ ਇੱਕ ਲੰਬੀ ਪ੍ਰਕਿਰਿਆ ਦਾ ਹਿੱਸਾ ਹੋ ਸਕਦੀ ਹੈ, ਕਿਉਂਕਿ ਸ਼ਹਿਰ ਆਪਣੀਆਂ ਰਿਹਾਇਸ਼ੀ ਨੀਤੀਆਂ ਵਿੱਚ ਵੱਡੇ ਬਦਲਾਅ ਕਰਨ ਦੀ ਤਿਆਰੀ ਕਰ ਰਿਹਾ ਹੈ। ਵਾਰਡ 6 ਦੇ ਕੌਂਸਲਰ ਜੌਨ ਪੈਂਟਾਜ਼ੋਪੋਲੋਸ ਅਨੁਸਾਰ ਬਹੁਤ ਸਾਰੇ ਕੈਲਗਰੀ ਵਾਸੀ ਇਹ ਉਮੀਦ ਕਰ ਰਹੇ ਹਨ ਕਿ ਸ਼ਹਿਰ ਨੂੰ ਪਹਿਲਾਂ ਨਾਲੋਂ ਬਿਹਤਰ ਤਰੀਕੇ ਨਾਲ ਉਸਾਰਿਆ ਜਾਵੇ। ਉਨ੍ਹਾਂ ਦਾ ਮੰਨਣਾ ਹੈ ਕਿ ਪੁਰਾਣੀਆਂ ਨੀਤੀਆਂ ਅਤੇ ਮੌਜੂਦਾ ਢਾਂਚਾ ਸ਼ਹਿਰ ਦੀਆਂ ਲੋੜਾਂ ਮੁਤਾਬਕ ਸਹੀ ਸਾਬਤ ਨਹੀਂ ਹੋਇਆ ਹੈ, ਇਸ ਲਈ ਹੁਣ ਨਵੇਂ ਅਤੇ ਸੁਧਰੇ ਹੋਏ ਹੱਲ ਲੱਭਣ ਦੀ ਲੋੜ ਹੈ।
ਜ਼ਿਕਰਯੋਗ ਹੈ ਕਿ ਸਾਲ 2024 ਵਿੱਚ ਹੋਈ ‘ਬਲੈਂਕੇਟ ਰੀਜ਼ੋਨਿੰਗ’ ਦੀ ਜਨਤਕ ਸੁਣਵਾਈ ਸ਼ਹਿਰ ਦੇ ਇਤਿਹਾਸ ਦੀ ਸਭ ਤੋਂ ਵੱਡੀ ਸੁਣਵਾਈ ਸੀ। ਇਸ ਵਿਵਾਦਪੂਰਨ ਉਪ-ਨਿਯਮ ਕਾਰਨ ਕੁਝ ਲੋਕਾਂ ਵੱਲੋਂ ਕਾਨੂੰਨੀ ਚੁਣੌਤੀਆਂ ਵੀ ਦਿੱਤੀਆਂ ਗਈਆਂ ਸਨ, ਪਰ ਦੂਜੇ ਪਾਸੇ ਕੈਲਗਰੀ ਹਾਊਸਿੰਗ ਦੇ ਖੇਤਰ ਵਿੱਚ ਰਾਸ਼ਟਰੀ ਪੱਧਰ ‘ਤੇ ਮੋਹਰੀ ਬਣ ਕੇ ਉੱਭਰਿਆ ਸੀ। ਹੁਣ ਇਸ ਨੀਤੀ ਨੂੰ ਰੱਦ ਕਰਨ ਜਾਂ ਇਸ ਵਿੱਚ ਬਦਲਾਅ ਕਰਨ ਦੀਆਂ ਕੋਸ਼ਿਸ਼ਾਂ ਦਰਮਿਆਨ ਕੁਝ ਮਾਹਿਰਾਂ ਨੇ ਚਿੰਤਾ ਪ੍ਰਗਟਾਈ ਹੈ। ‘ਮੋਰ ਨੇਬਰਜ਼ ਕੈਲਗਰੀ’ ਦੀ ਸਹਿ-ਸੰਸਥਾਪਕ ਕੈਥਰੀਨ ਡੇਵਿਸ ਦਾ ਕਹਿਣਾ ਹੈ ਕਿ ਜੇਕਰ ਰੀਜ਼ੋਨਿੰਗ ਨੂੰ ਖਤਮ ਕੀਤਾ ਜਾਂਦਾ ਹੈ, ਤਾਂ ਇਸ ਨਾਲ ਸ਼ਹਿਰ ਦੇ ਪ੍ਰਾਪਰਟੀ ਟੈਕਸ ਮਾਲੀਏ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਨੇ ਉਦਾਹਰਣ ਦਿੰਦਿਆਂ ਦੱਸਿਆ ਕਿ ਤਿੰਨ ਪਲਾਟਾਂ ‘ਤੇ ਬਣਾਏ ਗਏ 26 ਯੂਨਿਟ ਪੁਰਾਣੇ ਬੰਗਲਿਆਂ ਦੇ ਮੁਕਾਬਲੇ ਤਿੰਨ ਤੋਂ ਚਾਰ ਗੁਣਾ ਵੱਧ ਮਾਲੀਆ ਪੈਦਾ ਕਰਦੇ ਹਨ।
ਉਨ੍ਹਾਂ ਅਨੁਸਾਰ ਜੇਕਰ ਇਸ ਮਾਡਲ ਨੂੰ ਵੱਡੇ ਪੱਧਰ ‘ਤੇ ਅਪਣਾਇਆ ਜਾਵੇ, ਤਾਂ ਇਹ ਸ਼ਹਿਰ ਲਈ ਆਰਥਿਕ ਪੱਖੋਂ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ।
ਕੈਲਗਰੀ ਵਿੱਚ ‘ਬਲੈਂਕੇਟ ਰੀਜ਼ੋਨਿੰਗ’ ਦਾ ਮੁੱਦਾ ਮੁੜ ਗਰਮਾਇਆ




