1 C
Calgary
Sunday, October 25, 2026

ਮਨੁੱਖ ਤੇ ਮਨੁੱਖਤਾ ਵਿਰੁੱਧ ਯੁੱਧ

ਗੁਰਮੀਤ ਸਿੰਘ ਪਲਾਹੀ
ਫੋਨ: 9815802070
ਦੂਜੇ ਸੰਸਾਰ ਮਹਾਂਯੁੱਧ ਸਮੇਂ ਅਮਰੀਕਾ ਦੇ ਮਸ਼ਹੂਰ ਸੈਨਿਕ ਜਨਰਲ ਡਵਾਈਟ ਡੀ. ਆਇਜ਼ਨਹਾਵਰ, ਜੋ ਬਾਅਦ ਵਿਚ ਅਮਰੀਕਾ ਦੇ 34ਵੇਂ ਰਾਸ਼ਟਰਪਤੀ ਵੀ ਬਣੇ, ਨੇ ਕਿਹਾ ਸੀ ਕਿ ਯੁੱਧ ਅੱਤਿਆਚਾਰੀ, ਬੇਅਰਥ ਅਤੇ ਬੇਵਕੂਫ਼ੀ ਭਰਿਆ ਹੁੰਦਾ ਹੈ। ਅਮਰੀਕਾ ਅਤੇ ਇਜ਼ਰਾਇਲ ਵੱਲੋਂ ਇਰਾਨ ਵਿਰੁੱਧ 28 ਫਰਵਰੀ 2026 ਨੂੰ ਬਿਨਾ ਸੋਚੇ-ਸਮਝੇ ਯੁੱਧ ਸ਼ੁਰੂ ਕੀਤਾ ਗਿਆ ਹੈ। ਇਸ ਯੁੱਧ ਦੇ ਨਤੀਜੇ ਦੁਨੀਆਂ ਨੂੰ ਲੰਮੇ ਸਮੇਂ ਤੱਕ ਭੁਗਤਣੇ ਪੈਣਗੇ। ਦੋ ਹਫ਼ਤਿਆਂ ਦੇ ਇਸ ਭਿਆਨਕ ਯੁੱਧ ਵਿਚ ਇਰਾਨ ਤਬਾਹ ਹੋਇਆ ਲੱਗਦਾ ਹੈ, ਪਰ ਕੀ ਇਰਾਨ ਯੁੱਧ ਹਾਰ ਗਿਆ ਹੈ? ਯੁੱਧ ਦੇ ਪਹਿਲੇ ਦਿਨ ਹੀ ਇਰਾਨ ਦਾ ਪ੍ਰਮੁੱਖ ਆਯਤੁੱਲਾ ਅਲੀ ਖਾਮਨੇਈ ਉਸਦੇ ਕਈ ਉੱਚ ਕੋਟੀ ਦੇ ਸਾਥੀ ਸਮੇਤ ਮਾਰਿਆ ਗਿਆ। ਪਰ ਤੇਜ਼ੀ ਨਾਲ ਇਰਾਨ ਨੇ ਆਪਣਾ ਨਵਾਂ ਨੇਤਾ ਚੁਣ ਲਿਆ। ਹੁਣ ਤੱਕ ਹਜ਼ਾਰਾਂ ਇਰਾਨੀ ਮਾਰੇ ਗਏ ਹਨ ਅਤੇ ਦਸ ਹਜ਼ਾਰ ਤੋਂ ਵੱਧ ਜ਼ਖ਼ਮੀ ਹੋਏ ਹਨ। ਇੱਕ ਅਮਰੀਕੀ ਟੋਮਾਹਾਕ ਮਿਸਾਈਲ ਇੱਕ ਇਰਾਨੀ ਸਕੂਲ ਉੱਤੇ ਡਿੱਗੀ, ਜਿਸ ਵਿਚ 168 ਬੱਚੇ ਅਤੇ 14 ਅਧਿਆਪਕ ਮਾਰੇ ਗਏ। ਆਖ਼ਿਰ ਉਨ੍ਹਾਂ ਦਾ ਕੀ ਕਸੂਰ ਸੀ?
ਇਜ਼ਰਾਇਲ ਨੇ ਅਮਰੀਕਾ ਨੂੰ ਉਕਸਾਇਆ ਕਿ ਇਰਾਨ ਨੇ ਵੱਡੀ ਮਾਤਰਾ ਵਿਚ ਯੂਰੇਨੀਅਮ ਇਕੱਠਾ ਕਰ ਲਿਆ ਹੈ ਅਤੇ ਉਸਨੇ ਪਰਮਾਣੂ ਹਥਿਆਰਾਂ ਦੇ ਨਿਰਮਾਣ ਨੂੰ ਲਗਭਗ ਪੂਰਾ ਕਰ ਲਿਆ ਹੈ। ਇਸ ਸਬੰਧ ਵਿਚ ਕਤਰ ਨੇ ਗੱਲਬਾਤ ਲਈ ਭੂਮਿਕਾ ਨਿਭਾਉਣ ਦਾ ਯਤਨ ਕੀਤਾ। ਓਮਾਨ ਦੇ ਵਿਦੇਸ਼ ਮੰਤਰੀ ਨੇ ਵਾਸ਼ਿੰਗਟਨ ਪਹੁੰਚ ਕੇ ਇਰਾਨ ਦਾ ਇਹ ਵਾਇਦਾ ਅਮਰੀਕਾ ਦੇ ਰਾਸ਼ਟਰਪਤੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕਿ ਇਰਾਨ ਯੂਰੇਨੀਅਮ ਦਾ ਕੋਈ ਭੰਡਾਰ ਨਾ ਰੱਖਣ ਲਈ ਸਹਿਮਤ ਹੋ ਗਿਆ ਹੈ ਅਤੇ ਉਸਨੇ ਕਦੇ ਵੀ ਪਰਮਾਣੂ ਹਥਿਆਰ ਨਾ ਰੱਖਣ ਦੀ ਕਸਮ ਖਾਧੀ ਹੈ। ਪਰ ਇਸ ਵਾਇਦੇ ਨੂੰ ਦਰਕਿਨਾਰ ਕਰਦਿਆਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਚਾਨਕ ਗੱਲਬਾਤ ਖ਼ਤਮ ਕਰ ਦਿੱਤੀ ਅਤੇ ਇਰਾਨ ਉੱਤੇ ਹਮਲੇ ਦਾ ਹੁਕਮ ਚਾੜ੍ਹ ਦਿੱਤਾ। ਕੀ ਇਹ ਜਾਇਜ਼ ਹੈ?
ਅਮਰੀਕਾ, ਇਜ਼ਰਾਇਲ ਅਤੇ ਇਰਾਨ ਦੇ ਦਰਮਿਆਨ ਚੱਲ ਰਹੇ ਇਸ ਯੁੱਧ ਦੇ ਪਿੱਛੇ ਸਿਰਫ਼ ਪਰਮਾਣੂ ਹਥਿਆਰ ਰੱਖਣ ਦੀ ਗੱਲ ਹੀ ਨਹੀਂ ਹੈ, ਸਗੋਂ ਨਸਲੀ ਅਤੇ ਧਾਰਮਿਕ ਭਾਵਨਾਵਾਂ ਵੀ ਕੰਮ ਕਰ ਰਹੀਆਂ ਹਨ। ਇਜ਼ਰਾਇਲ ਇੱਕ ਸਾਮਰਾਜਵਾਦੀ ਦੇਸ਼ ਦੇ ਰੂਪ ਵਿਚ ਦੁਨੀਆ ਸਾਹਮਣੇ ਆਇਆ ਹੈ। ਇਸ ਵੇਲੇ ਅਮਰੀਕਾ ਉਨ੍ਹਾਂ ਸਾਰੇ ਸਿਧਾਂਤਾਂ ਨੂੰ ਛਿੱਕੇ ਟੰਗ ਕੇ, ਜਿਨ੍ਹਾਂ ਉੱਤੇ ਉਸ ਦੀ ਨੀਂਹ ਰੱਖੀ ਗਈ ਸੀ, ਇਜ਼ਰਾਇਲ ਨਾਲ ਰਲ ਕੇ ਵਿਸਥਾਰਵਾਦੀ ਨੀਤੀਆਂ ਨੂੰ ਲਾਗੂ ਕਰਨ ਦੇ ਰਾਹ ਪੈ ਗਿਆ ਹੈ। ਦੁਨੀਆ ਭਰ ਵਿਚ ਹਥਿਆਰਾਂ ਦਾ ਵੱਡਾ ਵਪਾਰੀ ਅਤੇ ਹੈਂਕੜਬਾਜ਼ ਥਾਣੇਦਾਰ ਵਜੋਂ ਵੀ ਉਸਦੀ ਵੱਡੀ ਭੂਮਿਕਾ ਹੈ। ਪਰ ਸਵਾਲ ਇਹ ਹੈ ਕਿ ਅਮਰੀਕਾ ਨੇ ਵੀਅਤਨਾਮ ਨਾਲ ਯੁੱਧ ਲੜ ਕੇ ਕੀ ਪ੍ਰਾਪਤ ਕੀਤਾ ਸੀ?
ਉੱਥੇ ਲੰਮਾ ਯੁੱਧ ਚੱਲਿਆ ਅਤੇ ਅਖ਼ੀਰ ਅਮਰੀਕਾ ਨੂੰ ਵੀਅਤਨਾਮ ਦੇ ਲੋਕਾਂ ਦੇ ਦ੍ਰਿੜ ਵਿਸ਼ਵਾਸ ਕਾਰਨ ਉੱਥੋਂ ਵਾਪਸ ਮੁੜਨਾ ਪਿਆ। ਰੂਸ ਨੇ ਚਾਰ ਸਾਲ ਪਹਿਲਾਂ ਯੂਕਰੇਨ ਉੱਤੇ ਹਮਲਾ ਕੀਤਾ, ਪਰ ਉਹ ਹੁਣ ਤੱਕ ਯੁੱਧ ਜਿੱਤ ਨਹੀਂ ਸਕਿਆ। ਇਸ ਦੌਰਾਨ ਰੂਸ ਉੱਤੇ ਕਰਜ਼ੇ ਦਾ ਬੋਝ ਵਧਿਆ, ਤੇਲ ਤੋਂ ਹੋਣ ਵਾਲੀ ਕਮਾਈ ਘੱਟ ਗਈ ਹੈ ਅਤੇ ਰੂਸੀ ਸੈਨਿਕਾਂ ਨੂੰ ਹੁਣ ਕਿਰਾਏ ਦੇ ਵਿਦੇਸ਼ੀ ਸੈਨਿਕਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਇਰਾਨ ਨਾਲ ਅਮਰੀਕੀ ਯੁੱਧ ਵੀ ਉਦੋਂ ਤੱਕ ਚੱਲੇਗਾ ਜਿੰਨਾ ਚਿਰ ਤੱਕ ਅਮਰੀਕੀ ਮਸ਼ੀਨਾਂ ਕੰਮ ਕਰ ਰਹੀਆਂ ਹਨ। ਜਦ ਤੱਕ ਮਸ਼ੀਨਾਂ ਦੀ ਪੂਰਤੀ ਹੁੰਦੀ ਰਹੇਗੀ, ਅਮਰੀਕਾ ਆਪਣੀ ਜੰਗ ਜਾਰੀ ਰੱਖ ਸਕਦਾ ਹੈ।
ਪਰ ਇਸ ਨਾਲ ਉਹ ਕਿਹੜੇ ਨਸ਼ਾਨੇ ਦੀ ਪੂਰਤੀ ਕਰ ਸਕੇਗਾ? ਵੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਵੀ ਕੋਈ ਦੇਸ਼ ਯੁੱਧ ਸ਼ੁਰੂ ਕਰਦਾ ਹੈ, ਤਾਂ ਉਸ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਸਨੇ ਯੁੱਧ ਕਦੋਂ ਰੋਕਣਾ ਹੈ।
ਇੱਕ ਗੱਲ ਜੋ ਸੋਲ੍ਹਾਂ ਆਨੇ ਸੱਚ ਹੈ-ਯੁੱਧ ਵਿਚ ਮਨੁੱਖਤਾ ਨੂੰ ਵੱਡੀ ਕੀਮਤ ਤਾਰਨੀ ਪੈਂਦੀ ਹੈ। ਇਸ ਕੀਮਤ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਅਸਲ ‘ਚ ਇਹ ਯੁੱਧ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਹੈਂਕੜਬਾਜ਼ ਸੋਚ ਦਾ ਨਤੀਜਾ ਹੈ। ਜੇਕਰ ਸੋਚਿਆ ਜਾਵੇ ਤਾਂ ਅਮਰੀਕਾ ਦੇ ਕੋਲ ਇਹ ਤੈਅ ਕਰਨ ਦਾ ਅਧਿਕਾਰ ਕਿਸ ਨੇ ਦਿੱਤਾ ਕਿ ਕਿਸ ਦੇਸ਼ ਕੋਲ ਪਰਮਾਣੂ ਹਥਿਆਰ ਹੋਣ ਚਾਹੀਦੇ ਹਨ ਅਤੇ ਕਿਸ ਕੋਲ ਨਹੀਂ?
ਸਵਾਲ ਇਹ ਵੀ ਉੱਠਦਾ ਹੈ ਕਿ ਕੀ ਅਮਰੀਕਾ ਭਾਰਤ, ਪਾਕਿਸਤਾਨ ਜਾਂ ਉੱਤਰੀ ਕੋਰੀਆ ਦੀ ਪਰਮਾਣੂ ਸਮਰੱਥਾ ਵਿਚ ਵੀ ਦਖ਼ਲ ਦੇ ਕੇ ਉਨ੍ਹਾਂ ਨੂੰ ਤਬਾਹ ਕਰਨ ਦਾ ਫ਼ੈਸਲਾ ਕਰੇਗਾ? ਜੇਕਰ ਐਸਾ ਹੋਇਆ ਤਾਂ ਇਸ ਦਾ ਸਿੱਟਾ ਕੀ ਨਿਕਲੇਗਾ? ਜਿਸ ਖ਼ਤਰਨਾਕ ਸਥਿਤੀ ਵਿਚ ਅੱਜ ਦੁਨੀਆ ਇਸ ਜੰਗ ਕਾਰਨ ਫਸ ਚੁੱਕੀ ਹੈ, ਉਸ ਸਥਿਤੀ ਵਿਚੋਂ ਬਾਹਰ ਨਿਕਲਣਾ ਮੁਸ਼ਕਲ ਜਾਪਦਾ ਹੈ। ਟਰੰਪ ਦੀ ਮਨਮਾਨੀ ਕਾਰਨ ਪੈਦਾ ਹੋਏ ਇਸ ਟਕਰਾਅ ਦੇ ਸਿੱਟੇ ਵਜੋਂ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ। ਅਮਰੀਕਾ ਵਿਚ ਮਹਿੰਗਾਈ ਵਧ ਗਈ ਹੈ। ਭਾਰਤ ਵਿਚ ਗੈਸ ਸਿਲੰਡਰਾਂ ਦੀ ਕਮੀ ਵੇਖਣ ਨੂੰ ਮਿਲ ਰਹੀ ਹੈ ਅਤੇ ਉਨ੍ਹਾਂ ਦੀਆਂ ਕੀਮਤਾਂ ਵੀ ਵਧ ਰਹੀਆਂ ਹਨ। ਇੱਥੋਂ ਤੱਕ ਕਿ ਸ਼ੇਅਰ ਬਾਜ਼ਾਰ ਵੀ ਡਿੱਗਦਾ ਨਜ਼ਰ ਆ ਰਿਹਾ ਹੈ। ਇੱਕ ਅੰਦਾਜ਼ੇ ਮੁਤਾਬਕ ਇਸ ਯੁੱਧ ਉੱਤੇ ਹਰ ਦਿਨ ਅਰਬਾਂ ਡਾਲਰ ਖ਼ਰਚ ਹੋ ਰਹੇ ਹਨ। ਵਾਤਾਵਰਣ ਜਿਸ ਢੰਗ ਨਾਲ ਦੂਸ਼ਿਤ ਹੋ ਰਿਹਾ ਹੈ, ਉਸਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੈ। ਹਵਾਈ ਸਫ਼ਰ ਮਹਿੰਗਾ ਹੋ ਚੁੱਕਾ ਹੈ ਅਤੇ ਪੂਰੀ ਦੁਨੀਆ ਦਹਿਸ਼ਤ ਦੇ ਮਾਹੌਲ ਵਿਚ ਜਿਊ ਰਹੀ ਹੈ ਅਤੇ ਜੰਗ ਦੇ ਖਿਡਾਰੀ ਆਪਣੇ ਹਥਿਆਰ ਵੇਚ ਕੇ ਨਫ਼ਾ ਕਮਾ ਰਹੇ ਹਨ।
ਪਰ ਇਹ ਕਦੋਂ ਤੱਕ ਸੰਭਵ ਹੈ? ਵੈਨਜ਼ੁਏਲਾ ਵਿਚ ਉਥੋਂ ਦੇ ਰਾਸ਼ਟਰਪਤੀ ਨੂੰ ਹਟਾਉਣ ਤੋਂ ਬਾਅਦ ਉਸਦੇ ਪੈਰ ਧਰਤੀ ਤੋਂ ਉੱਪਰ ਉੱਠੇ ਨਜ਼ਰ ਆਉਂਦੇ ਹਨ। ਟਰੰਪ ਨੇ ਸੋਚਿਆ ਤਾਂ ਇਹ ਸੀ ਕਿ ਇਰਾਨ ਦੇ ਖਾਮੀਨੀ ਨੂੰ ਮਾਰਨ ਤੋਂ ਬਾਅਦ ਇਰਾਨ ਗੋਡਿਆਂ ਭਾਰ ਹੋ ਜਾਏਗਾ, ਲਿਫ਼ ਜਾਏਗਾ, ਢਹਿ ਜਾਏਗਾ। ਪਰ ਇਰਾਨ ਨੇ ਜਿਸ ਢੰਗ ਨਾਲ ਅਮਰੀਕਾ-ਇਜ਼ਰਾਇਲ ਸੈਨਾ ਦਾ ਮੁਕਾਬਲਾ ਕੀਤਾ ਹੈ, ਉਸ ਤੋਂ ਇੰਝ ਲੱਗਦਾ ਹੈ ਕਿ ਟਰੰਪ ਇਸ ਨਵੇਂ ਯੁੱਧ ਦੀ ਦਲਦਲ ਵਿਚ ਫਸ ਗਏ ਹਨ, ਜਿੱਥੋਂ ਲੰਮਾ ਸਮਾਂ ਸ਼ਾਇਦ ਉਹ ਨਿਕਲ ਹੀ ਨਾ ਸਕਣ। ਪੰਦਰਾਂ ਦਿਨਾਂ ਦੇ ਯੁੱਧ ਤੋਂ ਬਾਅਦ ਟਰੰਪ ਦੇ ਆਪਣੇ ਨਿਸ਼ਾਨੇ ਵਿਚ ਬਦਲਾਅ ਆ ਗਿਆ ਹੈ। ਉਸ ਦਾ ਧਿਆਨ ਇਰਾਨ ਦੇ ਪਰਮਾਣੂ ਹਥਿਆਰਾਂ ਦੇ ਖ਼ਾਤਮੇ ਤੋਂ ਹਟ ਕੇ ਇਰਾਨ ਦੀ ਸੈਨਿਕ ਸਮਰੱਥਾ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਵੱਲ, ਇਰਾਨ ਵਿਚ ਸੱਤਾ ਦੀ ਤਬਦੀਲੀ ਅਤੇ ਆਖ਼ਿਰਕਾਰ ਇਰਾਨ ਨੂੰ ਬਿਨਾਂ ਕਿਸੇ ਸ਼ਰਤ ਦੇ ਆਤਮ ਸਮਰਪਣ ਕਰਨ ਵੱਲ ਕੇਂਦਰਿਤ ਹੋ ਗਿਆ ਹੈ। ਉਸ ਨੇ ਇਰਾਨ ਦੀ ਜਨਤਾ ਨੂੰ ਕਿਹਾ ਹੈ ਕਿ ਤੁਸੀਂ ਆਪਣੀ ਸਰਕਾਰ ਦੀ ਵਾਗਡੋਰ ਆਪਣੇ ਹੱਥਾਂ ਵਿਚ ਲੈ ਲਵੋ।
ਇਹ ਤੁਹਾਡੀ ਸਾਰਿਆਂ ਦੀ ਸਰਕਾਰ ਹੋਵੇਗੀ। ਪਰ ਟਰੰਪ ਦੀਆਂ ਇਨ੍ਹਾਂ ਆਸਾਂ ਨੂੰ ਬੂਰ ਨਹੀਂ ਪਿਆ। ਬਿਨਾਸ਼ੱਕ ਇਰਾਨ ਵਿਚ ਕੱਟੜਪੰਥੀ ਇਸਲਾਮੀ ਨਿਜ਼ਾਮ ਰਾਜ ਕਰਦਾ ਹੈ। ਉਥੋਂ ਦੇ ਸਾਧੂ-ਸੰਤ ਧਰਮ ਅਤੇ ਮਜ਼ਹਬ ਦੇ ਦਾਇਰੇ ਵਿਚੋਂ ਨਿਕਲ ਕੇ ਸਿਆਸਤ ਅਤੇ ਸ਼ਾਸਨ ਵਿਚ ਦਖ਼ਲ ਦਿੰਦੇ ਹਨ, ਜਿਸ ਦਾ ਨਤੀਜਾ ਆਮ ਜਨਤਾ, ਖ਼ਾਸ ਕਰਕੇ ਇਰਾਨੀ ਔਰਤਾਂ ਨੂੰ ਭੁਗਤਣਾ ਪੈਂਦਾ ਹੈ। ਇਰਾਨ ਦੇ ਸ਼ਾਸਕਾਂ ਨੇ ਹਮਾਸ ਅਤੇ ਹਿਜ਼ਬੁੱਲਾ ਜਿਹੀਆਂ ਆਤੰਕੀ ਸੈਨਾਵਾਂ ਅਮਰੀਕਾਇਜ਼ਰਾਇਲ ਵਰਗੇ ਮੁਲਕਾਂ ਵਿਰੁੱਧ ਲੜਨ ਲਈ ਤਿਆਰ ਕੀਤੀਆਂ ਹਨ। ਇਨ੍ਹਾਂ ਸੈਨਾਵਾਂ ਨੇ ਲਿਬਨਾਨ ਅਤੇ ਸੀਰੀਆ ਜਿਹੇ ਪ੍ਰਗਤੀਸ਼ੀਲ ਦੇਸ਼ਾਂ ਨੂੰ ਬਰਬਾਦ ਕੀਤਾ ਹੈ।
ਪਿਛਲੇ ਮਹੀਨੇ ਜਦੋਂ ਇਰਾਨ ਦੇ ਆਮ ਲੋਕਾਂ ਨੇ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕੀਤੇ ਤਾਂ ਖਾਮੀਨੀ ਸਰਕਾਰ ਨੇ ਨਿਹੱਥੇ ਲੋਕਾਂ ਤੇ ਗੋਲੀਆਂ ਚਲਾਉਣ ਦੇ ਹੁਕਮ ਦਿੱਤੇ। ਕਿਹਾ ਜਾਂਦਾ ਹੈ ਕਿ ਇਸ ਅੰਦੋਲਨ ਦੌਰਾਨ 20 ਤੋਂ 30 ਹਜ਼ਾਰ ਲੋਕ ਮਾਰ ਦਿੱਤੇ ਗਏ। ਪਰ ਇਸ ਸਭ ਕੁਝ ਦੇ ਦਰਮਿਆਨ ਅਮਰੀਕਾ-ਇਜ਼ਰਾਇਲ ਦਾ ਇਰਾਨ ਅਤੇ ਖਾੜੀ ਮੁਲਕਾਂ ਨੂੰ ਯੁੱਧ ਵਿਚ ਧੱਕਣਾ ਯੂਐਨਓ ਦੇ ਚਾਰਟਰ ਦੇ ਆਰਟੀਕਲ 2(4), ਜੋ ਕਿ ਕਿਸੇ ਵੀ ਮੁਲਕ ਦੀ ਇਲਾਕਾਈ ਅਖੰਡਤਾ ਅਤੇ ਸਿਆਸੀ ਆਜ਼ਾਦੀ ਦੀ ਸੰਭਾਵਨਾ ਨੂੰ ਨਕਾਰਦਾ ਹੈ, ਦੀ ਸਿੱਧੀ ਉਲੰਘਣਾ ਹੈ। ਇਜ਼ਰਾਇਲ 1948 ਵਿਚ ਬਰਤਾਨੀਆ ਅਤੇ ਅਮਰੀਕਾ ਸਮੇਤ ਹੋਰ ਸਮਰਾਜੀ ਸ਼ਕਤੀਆਂ ਵੱਲੋਂ ਫਲਸਤੀਨ ਦੀ ਧਰਤੀ ‘ਤੇ ਕਬਜ਼ਾ ਕਰਕੇ ਹੋਂਦ ਵਿਚ ਲਿਆਂਦਾ ਗਿਆ ਸੀ। ਉਦੋਂ ਤੋਂ ਹੁਣ ਤੱਕ ਇਜ਼ਰਾਇਲ ਅਮਰੀਕਾ ਲਈ ਇੱਕ ਗੈਂਗਸਟਰ ਦੀ ਤਰ੍ਹਾਂ ਕੰਮ ਕਰ ਰਿਹਾ ਹੈ ਅਤੇ ਅਰਬ ਦੇਸ਼ਾਂ ਦੇ ਭੰਡਾਰਾਂ ਤੇ ਕਬਜ਼ਾ ਕਰਨ ਲਈ ਅਮਰੀਕੀ ਅੱਡੇ ਦੇ ਤੌਰ ‘ਤੇ ਕੰਮ ਕਰ ਰਿਹਾ ਹੈ।
ਇਜ਼ਰਾਇਲ ਦੁਨੀਆ ਵਿਚ ਵੱਡੇ ਹਥਿਆਰ ਸੌਦਾਗਰ ਦੇ ਤੌਰ ‘ਤੇ ਉਭਰਿਆ ਹੈ। ਅਮਰੀਕਾ ਵੱਲੋਂ ਵਪਾਰ ਲਈ ਧੌਂਸ ਨੀਤੀ, ਵਿਸਥਾਰਵਾਦੀ ਸੋਚ ਅਤੇ ਥਾਣੇਦਾਰਾਂ ਵਾਲੀ ਪ੍ਰਵਿਰਤੀ ਅੱਜ ਸੰਸਾਰਕ ਅਮਨ ਲਈ ਵੱਡਾ ਖਤਰਾ ਬਣੀ ਹੋਈ ਹੈ ਅਤੇ ਵੱਸਦੇ-ਰਸਦੇ ਸੰਸਾਰ ਨੂੰ ਯੁੱਧ ਵੱਲ ਧੱਕ ਰਹੀ ਹੈ। ਯੁੱਧ ਕਦੇ ਵੀ ਇਨਸਾਨੀ ਭਲਾਈ ਵਾਲਾ ਨਹੀਂ ਹੋ ਸਕਦਾ, ਭਾਵੇਂ ਕਿ ਇਹ ਮਜ਼ਬੂਰੀ ਵਜੋਂ ਹੀ ਕਿਉਂ ਨਾ ਲੜਿਆ ਗਿਆ ਹੋਵੇ। ਭਾਵੇਂ ਕਿਹਾ ਜਾਂਦਾ ਹੈ ਕਿ ਜਿਸ ਕੋਲ ਤਾਕਤ ਹੈ ਉਸ ਦਾ ਰਾਜ ਚੱਲਦਾ ਹੈ, ਪਰ ਲੋਕ-ਸ਼ਕਤੀ ਇੱਕ ਐਸੀ ਤਾਕਤ ਹੈ ਜਿਸ ਅੱਗੇ ਵੱਡੇ-ਵੱਡੇ ਤਾਨਾਸ਼ਾਹ ਵੀ ਝੁਕਣ ਲਈ ਮਜ਼ਬੂਰ ਹੋ ਜਾਂਦੇ ਹਨ। ਯੁੱਧ ਕਿਸੇ ਮਸਲੇ ਦਾ ਸਥਾਈ ਹੱਲ ਨਹੀਂ ਹੈ। ਹਜ਼ਾਰਾਂ-ਲੱਖਾਂ ਲੋਕ ਯੁੱਧ ਦੀ ਭੇਟ ਚੜ ਜਾਂਦੇ ਹਨ। ਹਿੰਸਾ ਕਾਰਨ ਲੋਕ ਮਾਨਸਿਕ ਬਿਮਾਰੀਆਂ ਅਤੇ ਭੁੱਖਮਰੀ ਦਾ ਸ਼ਿਕਾਰ ਹੋ ਜਾਂਦੇ ਹਨ। ਲੱਖਾਂ ਲੋਕ ਘਰੋਂ-ਬੇਘਰ ਹੋ ਜਾਂਦੇ ਹਨ। ਉਨ੍ਹਾਂ ਦੇ ਬੱਚੇ ਸਿੱਖਿਆ ਅਤੇ ਸਿਹਤ ਸਹੂਲਤਾਂ ਤੋਂ ਵਿਰਵੇ ਰਹਿ ਜਾਂਦੇ ਹਨ।
ਇਹ ਯੁੱਧ ਹੀ ਹਨ ਜੋ ਕਿਸੇ ਖਿੱਤੇ ਦੇ ਵਿਨਾਸ਼ ਦਾ ਕਾਰਨ ਹੋ ਨਿਬੜਦੇ ਹਨ। ਆਧੁਨਿਕ ਯੁੱਧ ਹੁਣ ਕੇਵਲ ਸੀਮਾਵਾਂ ਤੱਕ ਸੀਮਿਤ ਨਹੀਂ ਰਹੇ, ਸਗੋਂ ਸ਼ਹਿਰਾਂ ਦੇ ਵਿਚੋਂ-ਵਿਚ ਲੜੇ ਜਾ ਰਹੇ ਹਨ। ਰੂਸ-ਯੂਕਰੇਨ ਅਤੇ ਅਮਰੀਕਾਇਜ਼ਰਾਇਲ ਯੁੱਧ ਇਸ ਦੀ ਵੱਡੀ ਉਦਾਹਰਨ ਹਨ। ਦੁਨੀਆ ਦੇ ਦੇਸ਼ ਆਪਣੀ ਸੁਰੱਖਿਆ ਦੇ ਡਰ ਤੋਂ ਸਿਹਤ ਅਤੇ ਸਿੱਖਿਆ ਸਹੂਲਤਾਂ ਤੇ ਖ਼ਰਚਾ ਘਟਾ ਕੇ ਜੰਗੀ ਸਮਾਨ ਖਰੀਦਣ ਤੇ ਵੱਧ ਖ਼ਰਚ ਕਰਨ ਲੱਗੇ ਹਨ।
2024 ਵਿਚ ਵਿਸ਼ਵ ਦੀਆਂ ਸੈਨਾਵਾਂ ‘ਤੇ 2.7 ਟ੍ਰਿਲੀਅਨ ਡਾਲਰ ਖਰਚੇ ਦਾ ਅਨੁਮਾਨ ਹੈ। ਯੁੱਧ ਅਸਲ ਵਿਚ ਵਿਕਾਸ ਦਾ ਉਲਟਾ ਪਹੀਆ ਸਾਬਤ ਹੋਇਆ ਹੈ, ਜੋ ਵਿਨਾਸ਼ ਦਾ ਕਾਰਨ ਬਣਦਾ ਹੈ। ਯੁੱਧ ਮਾਨਵੀ ਕਦਰਾਂ-ਕੀਮਤਾਂ ਅਤੇ ਸੰਵੇਦਨਾਵਾਂ ਦੇ ਖ਼ਾਤਮੇ ਦਾ ਕਾਰਨ ਹੈ। ਯੁੱਧ ਹੀ ਹੈ ਜੋ ਮਾਨਸਿਕ ਵਿਕਾਸ ਉੱਤੇ ਸਥਾਈ ਤੌਰ ‘ਤੇ ਨਕਾਰਾਤਮਕ ਪ੍ਰਭਾਵ ਪਾਉਂਦਾ ਹੈ। ਯੁੱਧ ਵਿਚ ਬੱਚੇ ਅਤੇ ਔਰਤਾਂ ਭੁੱਖਮਰੀ ਅਤੇ ਹਿੰਸਾ ਦਾ ਸਭ ਤੋਂ ਵੱਧ ਸ਼ਿਕਾਰ ਹੁੰਦੇ ਹਨ। ਨਵੀਆਂ ਤਕਨੀਕਾਂ, ਖ਼ਾਸ ਕਰਕੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ ਡਰੋਨ ਯੁੱਧ ਮਨੁੱਖਤਾ ਲਈ ਵੱਡੇ ਘਾਤਕ ਸਾਬਤ ਹੋ ਰਹੇ ਹਨ। ਮਨੁੱਖ ਦੀ ਹੋਂਦ ਬਚਾਈ ਰੱਖਣ ਲਈ ਵਿਨਾਸ਼ਕਾਰੀ ਯੁੱਧ ਵਿਰੁੱਧ ਅਮਨ ਸਮੇਂ ਦੀ ਲੋੜ ਹੈ।

- Advertisement -spot_img

Follow us on

3,952FansLike
5,592FollowersFollow
4,522FollowersFollow
61,453SubscribersSubscribe

Weather

Calgary
overcast clouds
1 ° C
1 °
1 °
72 %
4.3kmh
98 %
Mon
4 °
Tue
4 °
Wed
1 °
Thu
-3 °
Fri
-5 °

Latest News