ਕੈਲਗਰੀ, 23 ਅਪ੍ਰੈਲ (ਦੇਸ ਪੰਜਾਬ ਟਾਇਮਜ਼):
ਪੰਜਾਬ ਦੇ ਨਾਭਾ ਬਲਾਕ ਦੇ ਪਿੰਡ ਚਹਿਲ ਦੀ ਜੰਮਪਲ ਅਤੇ ਮੌਜੂਦਾ ਸਮੇਂ ਸਿਡਨੀ ਵਿੱਚ ਰਹਿ ਰਹੀ ਅਥਲੀਟ ਸੁਖਵੀਰ ਕੌਰ ਉਰਫ਼ ਸੁੱਖੀ ਬੱਲ ਨੇ ਵਿਸ਼ਵ ਪੱਧਰ ‘ਤੇ ਵੱਡੀ ਮੱਲ ਮਾਰੀ ਹੈ। ਸੁੱਖੀ ਬੱਲ ਨੇ ਨੇਪਾਲ ਦੀ ਪ੍ਰਸਿੱਧ ਅਤੇ ਚੁਣੌਤੀਪੂਰਨ ਚੋਟੀ ‘ਮਾਊਂਟ ਅਮਾ ਡਬਲਾਮ’ ਨੂੰ ਫ਼ਤਿਹ ਕਰਕੇ ਇਤਿਹਾਸ ਰਚ ਦਿੱਤਾ ਹੈ। ਬੀਤੀ 15 ਅਪ੍ਰੈਲ, 2026 ਨੂੰ ਉਨ੍ਹਾਂ ਨੇ 6,812 ਮੀਟਰ ਦੀ ਉਚਾਈ ‘ਤੇ ਪਹੁੰਚ ਕੇ ਇਹ ਉਪਲਬਧੀ ਹਾਸਲ ਕੀਤੀ। ਇਸ ਸਫ਼ਲਤਾ ਨਾਲ ਸੁੱਖੀ ਬੱਲ ਇਸ ਚੋਟੀ ਨੂੰ ਸਰ ਕਰਨ ਵਾਲੀ ਪਹਿਲੀ ਪੰਜਾਬੀ ਮਹਿਲਾ ਅਤੇ ਭਾਰਤ ਦੀ 6ਵੀਂ ਮਹਿਲਾ ਪਰਬਤਾਰੋਹੀ ਬਣ ਗਈ ਹੈ।
ਇਸ ਮਿਸ਼ਨ ਨੂੰ ਪੂਰਾ ਕਰਨ ਲਈ ਸੁੱਖੀ ਬੱਲ ਨੂੰ ਲਗਭਗ 21 ਦਿਨਾਂ ਦਾ ਸਖ਼ਤ ਸਮਾਂ ਲੱਗਿਆ, ਜਿੱਥੇ ਉਨ੍ਹਾਂ ਨੇ ਬਰਫ਼ੀਲੇ ਤੂਫ਼ਾਨਾਂ ਅਤੇ ਘੱਟ ਤਾਪਮਾਨ ਦਾ ਸਾਹਮਣਾ ਕੀਤਾ। ਚੋਟੀ ‘ਤੇ ਪਹੁੰਚ ਕੇ ਸੁੱਖੀ ਬੱਲ ਨੇ ਪੰਜਾਬੀ ਸੱਭਿਆਚਾਰ ਦੀ ਪ੍ਰਤੀਕ ‘ਚਿੱਟੀ ਚੁੰਨੀ’ ਲਹਿਰਾਈ, ਜੋ ਕਿ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੁੱਖੀ ਬੱਲ ਅਨੁਸਾਰ ਇਹ ਜਿੱਤ ਉਨ੍ਹਾਂ ਨੇ ਪੰਜਾਬ, ਪੰਜਾਬੀਅਤ ਅਤੇ ਦੁਨੀਆ ਭਰ ਦੀਆਂ ਔਰਤਾਂ ਨੂੰ ਸਮਰਪਿਤ ਕੀਤੀ ਹੈ। ਇਸ ਪ੍ਰਾਪਤੀ ਨਾਲ ਉਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਮੰਜ਼ਿਲ ਅਸੰਭਵ ਨਹੀਂ ਹੁੰਦੀ। ਉਨ੍ਹਾਂ ਦੀ ਇਸ ਸਫ਼ਲਤਾ ‘ਤੇ ਪੂਰੇ ਪੰਜਾਬ ਵਿੱਚ ਖੁਸ਼ੀ ਦੀ ਲਹਿਰ ਹੈ।
ਪਹਿਲੀ ਪੰਜਾਬਣ ਪਰਬਤਾਰੋਹੀ ਜਿਸ ਨੇ ਸਰ ਕੀਤੀ 6,812 ਮੀਟਰ ਉੱਚੀ ਚੋਟੀ




