ਕੈਲਗਰੀ, 30 ਅਪ੍ਰੈਲ (ਦੇਸ ਪੰਜਾਬ ਟਾਈਮਜ਼): ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੋਮਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਨਾਲ ਜੁੜੇ 11 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਕੀਤੀ ਗਈ ਹੈ। ਈਡੀ ਦੀਆਂ ਟੀਮਾਂ ਨੇ ਭੁੱਲਰ ਦੇ ਕਰੀਬੀਆਂ ਅਤੇ ਉਨ੍ਹਾਂ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਜਿਨ੍ਹਾਂ ‘ਤੇ ਭੁੱਲਰ ਦੀ ਬੇਨਾਮੀ ਜਾਇਦਾਦ ਰੱਖਣ ਦਾ ਸ਼ੱਕ ਹੈ। ਇਸ ਦੌਰਾਨ ਕਈ ਡਿਜੀਟਲ ਸਬੂਤ ਅਤੇ ਜ਼ਮੀਨੀ ਕਾਗਜ਼ਾਤ ਜ਼ਬਤ ਕੀਤੇ ਗਏ ਹਨ।
ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਭੁੱਲਰ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਕਈ ਜਾਇਦਾਦਾਂ ਦੂਜੇ ਲੋਕਾਂ ਦੇ ਨਾਮ ‘ਤੇ ਖਰੀਦੀਆਂ ਸਨ। ਇਹ ਮਾਮਲਾ ਸੀਬੀਆਈ ਵੱਲੋਂ ਦਰਜ ਕੀਤੀ ਗਈ ਐਫਆਈਆਰ ‘ਤੇ ਅਧਾਰਿਤ ਹੈ। ਭੁੱਲਰ ‘ਤੇ ਦੋਸ਼ ਹੈ ਕਿ ਰੋਪੜ ਰੇਂਜ ਵਿੱਚ ਤਾਇਨਾਤੀ ਦੌਰਾਨ ਉਨ੍ਹਾਂ ਨੇ ਇੱਕ ਕ੍ਰਿਮਿਨਲ ਕੇਸ ਰਫਾ-ਦਫਾ ਕਰਨ ਬਦਲੇ ਇੱਕ ਸਕ੍ਰੈਪ ਡੀਲਰ ਤੋਂ ਭਾਰੀ ਰਿਸ਼ਵਤ ਮੰਗੀ ਸੀ। ਸੀਬੀਆਈ ਨੇ ਇਸੇ ਮਾਮਲੇ ਵਿੱਚ ਅਕਤੂਬਰ 2025 ਵਿੱਚ ਭੁੱਲਰ ਨੂੰ ਗ੍ਰਿਫਤਾਰ ਕੀਤਾ ਸੀ। ਹੁਣ ਈਡੀ ਪੈਸਿਆਂ ਦੇ ਲੈਣ-ਦੇਣ ਦੀ ਜਾਂਚ ਕਰ ਰਹੀ ਹੈ।




