ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਇੱਕ ਅਜਿਹੇ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਬੰਦ ਪਈ ਕੀਸਟੋਨ ਐਕਸਐਲ ਪਾਈਪਲਾਈਨ ਦੇ ਕੁਝ ਹਿੱਸਿਆਂ ਨੂੰ ਮੁੜ ਸੁਰਜੀਤ ਕਰੇਗਾ। ਇਸ ਨਾਲ ਕੈਨੇਡੀਅਨ ਤੇਲ ਨੂੰ ਅਮਰੀਕਾ-ਕੈਨੇਡਾ ਸਰਹੱਦ ਤੋਂ ਵਾਇਓਮਿੰਗ ਤੱਕ ਪਹੁੰਚਾਇਆ ਜਾ ਸਕੇਗਾ। ਇਹ ਪਾਈਪਲਾਈਨ ਕੈਨੇਡੀਅਨ ਕੰਪਨੀ ਸਾਊਥ ਬੋਅ ਅਤੇ ਇਸਦੇ ਅਮਰੀਕੀ ਭਾਈਵਾਲ ਬ੍ਰਿਜਰ ਪਾਈਪਲਾਈਨ ਵੱਲੋਂ ਪ੍ਰਸਤਾਵਿਤ ਕੀਤੀ ਗਈ ਹੈ। ਇਸ ਨਾਲ ਅਮਰੀਕਾ ਨੂੰ ਕੈਨੇਡਾ ਦੀ ਕੱਚੇ ਤੇਲ ਦੀ ਬਰਾਮਦ ਵਿੱਚ 12 ਫੀਸਦੀ ਤੋਂ ਵੱਧ ਦਾ ਵਾਧਾ ਹੋ ਸਕਦਾ ਹੈ।
ਨਵੇਂ ਪ੍ਰਸਤਾਵ ਵਿੱਚ ਅਮਰੀਕਾ ਰਾਹੀਂ ਇੱਕ ਵੱਖਰਾ ਰਸਤਾ ਚੁਣਿਆ ਗਿਆ ਹੈ। ਪਿਛਲੇ ਕੀਸਟੋਨ ਐਕਸਐਲ ਪ੍ਰੋਜੈਕਟ ਨੂੰ ਸਾਲ 2021 ਵਿੱਚ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਰੱਦ ਕਰ ਦਿੱਤਾ ਗਿਆ ਸੀ। ਟਰੰਪ ਨੇ ਵ੍ਹਾਈਟ ਹਾਊਸ ਵਿੱਚ ਕਿਹਾ ਕਿ ਉਹਨਾਂ ਦੀ ਨੀਤੀ ਪਿਛਲੀ ਸਰਕਾਰ ਤੋਂ ਵੱਖਰੀ ਹੈ ਜੋ ਪਾਈਪਲਾਈਨ ਸਮਝੌਤਿਆਂ ‘ਤੇ ਦਸਤਖਤ ਨਹੀਂ ਕਰਦੀ ਸੀ। ਇਹ ਪ੍ਰੋਜੈਕਟ ਕੈਨੇਡਾ ਵਾਲੇ ਪਾਸੇ ਪਹਿਲਾਂ ਤੋਂ ਬਣੀ ਪਾਈਪ ਦੀ ਵਰਤੋਂ ਕਰੇਗਾ ਜਿੱਥੇ ਇਸਨੂੰ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਹੈ।
ਕੈਨੇਡਾ ਵਿੱਚ ਲਗਭਗ 150 ਕਿਲੋਮੀਟਰ ਪਾਈਪ ਪਹਿਲਾਂ ਹੀ ਵਿਛਾਈ ਜਾ ਚੁੱਕੀ ਹੈ ਜੋ ਪ੍ਰੋਜੈਕਟ ਰੱਦ ਹੋਣ ਤੋਂ ਬਾਅਦ ਖਾਲੀ ਪਈ ਸੀ। ਬ੍ਰਿਜਰ ਪਾਈਪਲਾਈਨ ਨੇ ਭਾਰੀ ਕੈਨੇਡੀਅਨ ਤੇਲ ਦੀ ਢੋਆ-ਢੁਆਈ ਲਈ 645 ਮੀਲ ਲੰਬੀ ਪਾਈਪਲਾਈਨ ਬਣਾਉਣ ਦਾ ਪ੍ਰਸਤਾਵ ਰੱਖਿਆ ਹੈ। ਕੰਪਨੀ ਦੇ ਅਧਿਕਾਰੀਆਂ ਨੇ ਇਸ ਮਨਜ਼ੂਰੀ ਦਾ ਸਵਾਗਤ ਕੀਤਾ ਹੈ। ਸਾਊਥ ਬੋਅ ਇਸ ਪਾਈਪਲਾਈਨ ‘ਤੇ ਰੋਜ਼ਾਨਾ 450,000 ਬੈਰਲ ਤੇਲ ਦੀ ਸਪਲਾਈ ਲਈ ਸਮਝੌਤੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਅਜੇ ਹੋਰ ਰੈਗੂਲੇਟਰੀ ਪ੍ਰਵਾਨਗੀਆਂ ਦੀ ਵੀ ਲੋੜ ਹੋਵੇਗੀ।




