ਕੈਲਗਰੀ, 2 ਮਈ (ਦੇਸ ਪੰਜਾਬ ਟਾਇਮਜ਼):
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਵਿੱਚ ਇੱਕ ਨਵਾਂ ਸਾਵਰੇਨ ਵੈਲਥ ਫੰਡ ਬਣਾਉਣ ਦੀ ਪੈਰਵੀ ਕਰਦਿਆਂ ਨਾਰਵੇ ਦੀ ਉਦਾਹਰਣ ਦਿੱਤੀ ਹੈ। ਪਰ ਕੁਝ ਮਾਹਰਾਂ ਦਾ ਮੰਨਣਾ ਹੈ ਕਿ ਇਹ ਤੁਲਨਾ ਪੂਰੀ ਤਰ੍ਹਾਂ ਸਹੀ ਨਹੀਂ ਹੈ। ਕਾਰਨੀ ਨੇ 25 ਬਿਲੀਅਨ ਡਾਲਰ ਦੇ ‘ਕੈਨੇਡਾ ਸਟ੍ਰੌਂਗ ਫੰਡ’ ਦਾ ਐਲਾਨ ਕਰਦਿਆਂ ਕਿਹਾ ਕਿ ਨਾਰਵੇ ਵਰਗੇ ਕੁਦਰਤੀ ਸਾਧਨਾਂ ਨਾਲ ਭਰਪੂਰ ਦੇਸ਼ਾਂ ਕੋਲ ਅਜਿਹੇ ਫੰਡ ਹਨ। ਉਨ੍ਹਾਂ ਦੱਸਿਆ ਕਿ ਇਹ ਨਵਾਂ ਫੰਡ ਸਾਡੇ ਅਰਥਚਾਰੇ ਨੂੰ ਬਦਲਣ ਵਾਲੇ ਵੱਡੇ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰੇਗਾ ਅਤੇ ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਨਿੱਜੀ ਖੇਤਰ ਦੇ ਨਾਲ ਮਿਲ ਕੇ ਕੰਮ ਕਰੇਗਾ। ਇਸ ਫੰਡ ਦਾ ਮੁੱਖ ਢਾਂਚਾ ਅਜੇ ਸਪੱਸ਼ਟ ਨਹੀਂ ਹੈ। ਮਾਹਰਾਂ ਦਾ ਕਹਿਣਾ ਹੈ ਕਿ ਕੈਨੇਡਾ ਅਤੇ ਨਾਰਵੇ ਦੇ ਸਿਆਸੀ ਅਤੇ ਉਦਯੋਗਿਕ ਹਾਲਾਤ ਬਿਲਕੁਲ ਵੱਖਰੇ ਹਨ। ਮੈਕਗਿਲ ਯੂਨੀਵਰਸਿਟੀ ਦੇ ਵਿੱਤ ਪ੍ਰੋਫੈਸਰ ਸੇਬੇਸਟੀਅਨ ਬੇਟਰਮੀਅਰ ਅਨੁਸਾਰ ਦੋਵਾਂ ਦੇਸ਼ਾਂ ਦੇ ਫੰਡਾਂ ਦਾ ਉਦੇਸ਼ ਇੱਕ ਦੂਜੇ ਤੋਂ ਵੱਖਰਾ ਹੈ। ਕੈਨੇਡਾ ਦਾ ਫੰਡ ਜਨਤਕ ਬੁਨਿਆਦੀ ਢਾਂਚੇ ਦੇ ਵੱਡੇ ਪ੍ਰੋਜੈਕਟਾਂ ਵਿੱਚ ਪੈਸਾ ਲਗਾਉਣ ਲਈ ਬਣਾਇਆ ਗਿਆ ਹੈ। ਇਸ ਦੇ ਉਲਟ ਨਾਰਵੇ ਆਪਣੇ ਫੰਡ ਦਾ ਨਿਵੇਸ਼ ਆਪਣੇ ਦੇਸ਼ ਵਿੱਚ ਕਰਨ ਤੋਂ ਰੋਕਦਾ ਹੈ। ਨਾਰਵੇ ਤੇਲ ਅਤੇ ਗੈਸ ਤੋਂ ਹੋਣ ਵਾਲੀ ਕਮਾਈ ਨੂੰ ਫੰਡ ਵਿੱਚ ਪਾਉਂਦਾ ਹੈ ਅਤੇ ਪੂਰੀ ਦੁਨੀਆ ਵਿੱਚ ਨਿਵੇਸ਼ ਕਰਦਾ ਹੈ ਤਾਂ ਜੋ ਦੇਸ਼ ਨੂੰ ਤੇਲ ਦੀਆਂ ਕੀਮਤਾਂ ਦੇ ਉਤਰਾਅ ਚੜ੍ਹਾਅ ਤੋਂ ਬਚਾਇਆ ਜਾ ਸਕੇ।
ਇੱਕ ਅੰਦਾਜ਼ੇ ਮੁਤਾਬਕ ਨਾਰਵੇ ਦੇ ਫੰਡ ਕੋਲ ਦੁਨੀਆ ਭਰ ਦੀਆਂ 9,000 ਤੋਂ ਵੱਧ ਕੰਪਨੀਆਂ ਵਿੱਚ 2.2 ਟ੍ਰਿਲੀਅਨ ਅਮਰੀਕੀ ਡਾਲਰ ਦੀ ਜਾਇਦਾਦ ਹੈ।
ਕੈਨੇਡਾ ਵਿੱਚ ਨਵੇਂ ਸਾਵਰੇਨ ਵੈਲਥ ਫੰਡ ਦਾ ਐਲਾਨ, ਕੀ ਕੈਨੇਡਾ ਦਾ ਫੰਡ ਨਾਰਵੇ ਵਰਗਾ ਹੋਵੇਗਾ?




