ਕੈਲਗਰੀ, 2 ਮਈ (ਦੇਸ ਪੰਜਾਬ ਟਾਇਮਜ਼):
ਏਅਰ ਕੈਨੇਡਾ ਨੇ ਸਾਲ ਦੇ ਦੂਜੇ ਅੱਧ ਲਈ ਜੈੱਟ ਈਂਧਨ ਦੀਆਂ ਕੀਮਤਾਂ ਵਿੱਚ ਉਤਰਾਅ ਚੜ੍ਹਾਅ ਅਤੇ ਅਨਿਸ਼ਚਿਤਤਾ ਦਾ ਹਵਾਲਾ ਦਿੰਦੇ ਹੋਏ 2026 ਲਈ ਆਪਣੀ ਸਾਲਾਨਾ ਯੋਜਨਾ ਨੂੰ ਫਿਲਹਾਲ ਰੋਕ ਦਿੱਤਾ ਹੈ। ਏਅਰਲਾਈਨ ਨੇ ਵੀਰਵਾਰ ਦੁਪਹਿਰ ਨੂੰ ਆਪਣੀ ਪਹਿਲੀ ਤਿਮਾਹੀ ਦੀ ਕਮਾਈ ਦੇ ਨਤੀਜੇ ਐਲਾਨਣ ਮੌਕੇ ਇਹ ਜਾਣਕਾਰੀ ਦਿੱਤੀ। ਏਅਰ ਕੈਨੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਾਈਕਲ ਰੂਸੋ ਨੇ ਵਿਸ਼ਲੇਸ਼ਕਾਂ ਨੂੰ ਦੱਸਿਆ ਕਿ ਪਹਿਲੀ ਤਿਮਾਹੀ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਨ੍ਹਾਂ ਮੁਸ਼ਕਲਾਂ ਵਿੱਚ ਬਹੁਤ ਜ਼ਿਆਦਾ ਠੰਡ, ਬਰਫੀਲੇ ਤੂਫਾਨ ਅਤੇ ਮੱਧ ਪੂਰਬ ਵਿੱਚ ਬਦਲਦੇ ਹਾਲਾਤ ਸ਼ਾਮਲ ਹਨ। ਰੂਸੋ ਨੇ ਸਪੱਸ਼ਟ ਕੀਤਾ ਕਿ ਮੱਧ ਪੂਰਬ ਵਿੱਚ ਚੱਲ ਰਹੇ ਯੁੱਧ ਕਾਰਨ ਵਿਸ਼ਵ ਪੱਧਰ ‘ਤੇ ਜੈੱਟ ਈਂਧਨ ਦੀਆਂ ਕੀਮਤਾਂ ਬਹੁਤ ਵੱਧ ਗਈਆਂ ਹਨ ਜਿਸ ਨਾਲ ਪੂਰੀ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਕਿਹਾ ਕਿ ਇਹ ਚੁਣੌਤੀ ਸਿਰਫ ਏਅਰ ਕੈਨੇਡਾ ਲਈ ਹੀ ਨਹੀਂ ਬਲਕਿ ਪੂਰੀ ਏਅਰਲਾਈਨ ਇੰਡਸਟਰੀ ਲਈ ਹੈ ਜੋ ਕੀਮਤਾਂ ਅਤੇ ਖਤਰਿਆਂ ਨੂੰ ਪ੍ਰਭਾਵਿਤ ਕਰਦੀ ਹੈ। ਕਾਰਜਕਾਰੀ ਉਪ ਪ੍ਰਧਾਨ ਮਾਰਕ ਗੈਲਾਰਡੋ ਨੇ ਕਿਹਾ ਕਿ ਏਅਰਲਾਈਨ ਬਦਲਦੇ ਭੂਗੋਲਿਕ ਅਤੇ ਆਰਥਿਕ ਹਾਲਾਤਾਂ ਨਾਲ ਨਜਿੱਠਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।
ਸੰਕਟ ਸ਼ੁਰੂ ਹੋਣ ‘ਤੇ ਏਅਰ ਕੈਨੇਡਾ ਕਿਰਾਏ ਵਧਾਉਣ ਵਾਲੀਆਂ ਪਹਿਲੀਆਂ ਏਅਰਲਾਈਨਾਂ ਵਿੱਚੋਂ ਇੱਕ ਸੀ। ਗੈਲਾਰਡੋ ਨੇ ਇਹ ਵੀ ਦੱਸਿਆ ਕਿ ਗਾਹਕਾਂ ਦੀ ਮੰਗ ਲਗਾਤਾਰ ਬਣੀ ਹੋਈ ਹੈ ਅਤੇ ਉਨ੍ਹਾਂ ਦਾ ਕਾਰੋਬਾਰੀ ਮਾਡਲ ਬਹੁਤ ਕਾਰਗਰ ਸਾਬਤ ਹੋ ਰਿਹਾ ਹੈ।
ਏਅਰ ਕੈਨੇਡਾ ਨੇ 2026 ਲਈ ਆਪਣੀ ਯੋਜਨਾ ਰੋਕੀ




