ਕੈਲਗਰੀ, 5 ਮਈ (ਦੇਸ ਪੰਜਾਬ ਟਾਈਮਜ਼):
ਨਿਊਆਰਕ ਏਅਰਪੋਰਟ ‘ਤੇ ਐਤਵਾਰ ਦੁਪਹਿਰ ਨੂੰ ਇੱਕ ਯੂਨਾਈਟਿਡ ਏਅਰਲਾਈਨਜ਼ ਦਾ ਯਾਤਰੀ ਜਹਾਜ਼ ਲੈਂਡਿੰਗ ਕਰਦੇ ਸਮੇਂ ਇੱਕ ਟਰੱਕ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਨਿਊ ਜਰਸੀ ਦੇ ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਅਨੁਸਾਰ ਜਹਾਜ਼ ਦਾ ਟਾਇਰ ਅਤੇ ਹੇਠਲਾ ਹਿੱਸਾ ਟਰੱਕ ਨਾਲ ਟਕਰਾਇਆ। ਇਸ ਦੌਰਾਨ ਇੱਕ ਲਾਈਟ ਪੋਲ ਵੀ ਹਾਈਵੇ ‘ਤੇ ਜਾ ਰਹੀ ਇੱਕ ਜੀਪ ਉੱਤੇ ਡਿੱਗ ਗਿਆ। ਟਰੱਕ ਵਿੱਚ ਲੱਗੇ ਡੈਸ਼ਕੈਮ ਨੇ ਇਸ ਪੂਰੀ ਘਟਨਾ ਨੂੰ ਰਿਕਾਰਡ ਕਰ ਲਿਆ ਹੈ। ਡਰਾਈਵਰ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਛੁੱਟੀ ਦੇ ਦਿੱਤੀ ਗਈ। ਬੇਕਰੀ ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਡਰਾਈਵਰ ਹਾਈਵੇ ਤੋਂ ਬਾਹਰ ਨਿਕਲਣ ਹੀ ਵਾਲਾ ਸੀ ਜਦੋਂ ਇਹ ਟੱਕਰ ਹੋਈ। ਇਟਲੀ ਤੋਂ ਆ ਰਹੀ ਇਸ ਫਲਾਈਟ ਵਿੱਚ 221 ਯਾਤਰੀ ਅਤੇ 10 ਕਰੂ ਮੈਂਬਰ ਸਵਾਰ ਸਨ ਪਰ ਕਿਸੇ ਨੂੰ ਵੀ ਸੱਟ ਨਹੀਂ ਲੱਗੀ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਦੱਸਿਆ ਕਿ ਬੋਇੰਗ 767 ਜਹਾਜ਼ ਸੁਰੱਖਿਅਤ ਉਤਰ ਗਿਆ ਸੀ। ਏਅਰਲਾਈਨ ਨੇ ਜਹਾਜ਼ ਨੂੰ ਹੋਏ ਨੁਕਸਾਨ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਰਨਵੇਅ ਨੂੰ ਸਾਫ਼ ਕਰਕੇ ਆਮ ਆਵਾਜਾਈ ਮੁੜ ਸ਼ੁਰੂ ਕਰ ਦਿੱਤੀ ਹੈ।
ਨਿਊਆਰਕ ਏਅਰਪੋਰਟ ‘ਤੇ ਜਹਾਜ਼ ਨੇ ਟਰੱਕ ਨੂੰ ਮਾਰੀ ਟੱਕਰ




