ਕੈਲਗਰੀ, 18 ਮਈ (ਦੇਸ ਪੰਜਾਬ ਟਾਈਮਜ਼): ਐਡਮਿੰਟਨ ਦੇ ਰਾਇਲ ਅਲੈਗਜ਼ੈਂਡਰਾ ਹਸਪਤਾਲ ਦੇ ਐਮਰਜੈਂਸੀ ਰੂਮ ਵਿੱਚ ਡਾਕਟਰ ਨੂੰ ਮਿਲਣ ਲਈ ਕਈ ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਪਿਛਲੇ ਹਫ਼ਤੇ ਇੱਕ ਮਰੀਜ਼ ਦੀ ਮੌਤ ਹੋ ਗਈ। ਅਲਬਰਟਾ ਹੈਲਥ ਸਰਵਿਸਿਜ਼ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਮੌਤ ਪਿਛਲੇ ਸਾਲ ਦੇ ਅੰਤ ਵਿੱਚ ਗ੍ਰੇ ਨਨਜ਼ ਹਸਪਤਾਲ ਵਿੱਚ ਹੋਏ ਇੱਕ ਮਾਮਲੇ ਨਾਲ ਮਿਲਦੀ-ਜੁਲਦੀ ਹੈ। ਅਲਬਰਟਾ ਦੇ ਐਮਰਜੈਂਸੀ ਰੂਮ ਦੇ ਡਾਕਟਰ ਪਾਲ ਪਾਰਕਸ ਨੇ ਦੱਸਿਆ ਕਿ ਮਰੀਜ਼ ਐਂਬੂਲੈਂਸ ਰਾਹੀਂ ਗੰਭੀਰ ਹਾਲਤ ਵਿੱਚ ਆਇਆ ਸੀ, ਜਿਸ ਨੂੰ 15 ਮਿੰਟਾਂ ਦੇ ਅੰਦਰ ਦੇਖਿਆ ਜਾਣਾ ਚਾਹੀਦਾ ਸੀ। ਪਰ ਪਿਛਲੇ ਸ਼ੁੱਕਰਵਾਰ ਨੂੰ ਹਸਪਤਾਲ ਪਹੁੰਚਣ ਤੋਂ ਬਾਅਦ ਮਰੀਜ਼ ਦੀ ਤੁਰੰਤ ਜਾਂਚ ਨਹੀਂ ਕੀਤੀ ਗਈ। ਡਾਕਟਰਾਂ ਅਨੁਸਾਰ ਅਲਬਰਟਾ ਦੇ ਹਸਪਤਾਲ ਮਰੀਜ਼ਾਂ ਨਾਲ ਭਰੇ ਹੋਏ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਹ ਵਿਅਕਤੀ ਉਨ੍ਹਾਂ ਕਈ ਮਰੀਜ਼ਾਂ ਵਿੱਚੋਂ ਇੱਕ ਹੈ ਜਿਨ੍ਹਾਂ ਦੀ ਹਾਲ ਹੀ ਦੇ ਮਹੀਨਿਆਂ ਵਿੱਚ ਇਲਾਜ ਦੀ ਉਡੀਕ ਕਰਦਿਆਂ ਮੌਤ ਹੋਈ ਹੈ। ਡਾਕਟਰ ਪਾਰਕਸ ਨੇ ਜਨਵਰੀ ਵਿੱਚ ਸਰਕਾਰ ਨੂੰ ਇੱਕ ਪੱਤਰ ਭੇਜਿਆ ਸੀ ਜਿਸ ਵਿੱਚ ਹਸਪਤਾਲਾਂ ਵਿੱਚ ਹੋਈਆਂ 6 ਮੌਤਾਂ ਦਾ ਜ਼ਿਕਰ ਸੀ। ਇਸ ਮਾਮਲੇ ਵਿੱਚ ਸੁਧਾਰ ਲਈ 16 ਅਹਿਮ ਸਿਫਾਰਸ਼ਾਂ ਦਿੱਤੀਆਂ ਗਈਆਂ ਸਨ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ।





