ਕੈਲਗਰੀ, 19 ਮਈ (ਦੇਸ ਪੰਜਾਬ ਟਾਈਮਜ਼): ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸੈਨ ਡੀਏਗੋ ਸ਼ਹਿਰ ਵਿੱਚ ਸੋਮਵਾਰ ਨੂੰ ਇੱਕ ਮਸਜਿਦ ਦੇ ਬਾਹਰ ਦੋ ਸ਼ੱਕੀ ਬੰਦੂਕਧਾਰੀਆਂ ਵੱਲੋਂ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ਵਿੱਚ 3 ਲੋਕਾਂ ਦੀ ਮੌਤ ਹੋ ਗਈ। ਸੈਨ ਡੀਏਗੋ ਪੁਲਿਸ ਮੁਤਾਬਕ ਹਮਲਾ ਕਰਨ ਵਾਲੇ ਦੋਵੇਂ ਨੌਜਵਾਨ ਸ਼ੂਟਰ, ਜਿਨ੍ਹਾਂ ਦੀ ਉਮਰ 17 ਅਤੇ 18 ਸਾਲ ਸੀ, ਉਹ ਵੀ ਮਰੇ ਹੋਏ ਪਾਏ ਗਏ ਹਨ। ਪੁਲਿਸ ਚੀਫ ਸਕੌਟ ਵਾਹਲ ਨੇ ਦੱਸਿਆ ਕਿ ਇਸ ਘਟਨਾ ਨੂੰ ਨਫ਼ਰਤੀ ਅਪਰਾਧ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਫੈਡਰਲ ਜਾਂਚ ਏਜੰਸੀ ਐਫਬੀਆਈ ਵੱਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਹੁਣ ਜਨਤਾ ਲਈ ਕੋਈ ਖਤਰਾ ਨਹੀਂ ਹੈ। ਪੁਲਿਸ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 11:43 ਵਜੇ ਗੋਲੀਬਾਰੀ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਸੁਰੱਖਿਆ ਬਲ ਚਾਰ ਮਿੰਟਾਂ ਦੇ ਅੰਦਰ ਮੌਕੇ ‘ਤੇ ਪਹੁੰਚ ਗਏ। ਮਸਜਿਦ ਦੇ ਬਾਹਰ ਕਈ ਲੋਕਾਂ ਨੂੰ ਗੋਲੀ ਮਾਰੀ ਗਈ ਸੀ ਅਤੇ ਇਸ ਦੇ ਨਾਲ ਹੀ ਕੁਝ ਦੂਰੀ ‘ਤੇ ਹੋਰ ਫਾਇਰਿੰਗ ਹੋਣ ਦੀਆਂ ਖ਼ਬਰਾਂ ਵੀ ਮਿਲੀਆਂ। ਇਸ ਹਮਲੇ ਵਿੱਚ ਮਸਜਿਦ ਦਾ ਇੱਕ ਸੁਰੱਖਿਆ ਗਾਰਡ ਵੀ ਮਾਰਿਆ ਗਿਆ ਹੈ, ਜਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਇਸ ਹਮਲੇ ਨੂੰ ਹੋਰ ਭਿਆਨਕ ਰੂਪ ਲੈਣ ਤੋਂ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਈ। ਦੋਵੇਂ ਸ਼ੱਕੀ ਹਮਲਾਵਰ ਮਸਜਿਦ ਦੇ ਨੇੜੇ ਸੜਕ ਵਿਚਕਾਰ ਖੜ੍ਹੀ ਇੱਕ ਗੱਡੀ ਵਿੱਚ ਮਰੇ ਹੋਏ ਮਿਲੇ। ਪੁਲਿਸ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ।
ਅਮਰੀਕਾ ਤੋਂ ਮਸਜਿਦ ‘ਚ ਹੋਏ ਹਮਲੇ ਦੌਰਾਨ 3 ਲੋਕਾਂ ਦੀ ਗਈ ਜਾਨ





