ਕੈਲਗਰੀ, 23 ਮਈ (ਦੇਸ ਪੰਜਾਬ ਟਾਈਮਜ਼): ਕੈਲਗਰੀ ਦੇ ਮੇਅਰ ਜੇਰੋਮੀ ਫਾਰਕਸ ਨੇ ਅਲਬਰਟਾ ਨੂੰ ਕੈਨੇਡਾ ਤੋਂ ਵੱਖ ਕਰਨ ਲਈ ਰੈਫਰੈਂਡਮ ਕਰਵਾਉਣ ਦੇ ਫੈਸਲੇ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਪ੍ਰੀਮੀਅਰ ਡੈਨੀਅਲ ਸਮਿਥ ਦੇ ਇਸ ਕਦਮ ਨੂੰ ਸੂਬਾਈ ਲੀਡਰਸ਼ਿਪ ਦੀ ਨਾਕਾਮੀ ਕਰਾਰ ਦਿੱਤਾ ਹੈ। ਮੇਅਰ ਨੇ ਸ਼ੁੱਕਰਵਾਰ ਸਵੇਰੇ ਜਾਰੀ ਕੀਤੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਵੋਟ ਪਾਉਣ ਲਈ ਇੱਕ ਹੋਰ ਵੋਟ ਕਰਵਾਉਣ ਦੀ ਬਹਿਸ ਵਿੱਚ ਪੂਰੇ ਸੂਬੇ ਨੂੰ ਉਲਝਾਉਣਾ ਬਿਲਕੁਲ ਗੈਰ-ਜ਼ਿੰਮੇਵਾਰਾਨਾ ਹੈ। ਮੇਅਰ ਫਾਰਕਸ ਨੇ ਚਿੰਤਾ ਜਤਾਈ ਕਿ ਇਸ ਫੈਸਲੇ ਨਾਲ ਪੈਦਾ ਹੋਣ ਵਾਲੀ ਸਿਆਸੀ ਅਤੇ ਆਰਥਿਕ ਅਸਥਿਰਤਾ ਕਾਰਨ ਨਿਵੇਸ਼ਕਾਂ ਵਿੱਚ ਬੇਭਰੋਸਗੀ ਵਧੇਗੀ, ਜਿਸ ਦਾ ਸਿੱਧਾ ਅਸਰ ਰੁਜ਼ਗਾਰ ‘ਤੇ ਪਵੇਗਾ। ਉਨ੍ਹਾਂ ਕਿਹਾ ਕਿ ਕੈਲਗਰੀ ਇੱਕ ਅੰਤਰਰਾਸ਼ਟਰੀ ਪੱਧਰ ‘ਤੇ ਜੁੜਿਆ ਸ਼ਹਿਰ ਹੈ, ਜੋ ਪੂਰੇ ਉੱਤਰੀ ਅਮਰੀਕਾ ਵਿੱਚ ਨਿਵੇਸ਼ ਅਤੇ ਪ੍ਰਤਿਭਾ ਨੂੰ ਆਕਰਸ਼ਿਤ ਕਰਨ ਲਈ ਮੁਕਾਬਲਾ ਕਰਦਾ ਹੈ। ਅਜਿਹੀ ਸਥਿਤੀ ਵਿੱਚ, ਇਸ ਬਹਿਸ ਦਾ ਸਭ ਤੋਂ ਮਾੜਾ ਅਤੇ ਤੁਰੰਤ ਪ੍ਰਭਾਵ ਕੈਲਗਰੀ ਦੇ ਕਾਰੋਬਾਰੀ ਹਲਕਿਆਂ ‘ਤੇ ਦੇਖਣ ਨੂੰ ਮਿਲੇਗਾ। ਉਨ੍ਹਾਂ ਨੇ ਕਿਊਬੈਕ ਦੇ ਇਤਿਹਾਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਉੱਥੇ ਹੋਈ ਵੱਖਵਾਦੀ ਬਹਿਸ ਕਾਰਨ ਕਈ ਮੁੱਖ ਕੰਪਨੀਆਂ ਦੇ ਹੈੱਡਕੁਆਰਟਰ ਅਤੇ ਅਰਬਾਂ ਡਾਲਰ ਦਾ ਨਿਵੇਸ਼ ਸੂਬੇ ਵਿੱਚੋਂ ਬਾਹਰ ਚਲਾ ਗਿਆ ਸੀ। ਬੈਂਕ ਆਫ ਮੌਂਟਰੀਅਲ ਦਾ ਮੁੱਖ ਦਫ਼ਤਰ ਮੌਂਟਰੀਅਲ ਵਿੱਚ ਨਾ ਰਹਿਣਾ ਇਸੇ ਅਸਥਿਰਤਾ ਦਾ ਨਤੀਜਾ ਹੈ। ਮੇਅਰ ਨੇ ਕਿਹਾ ਕਿ ਇਸ ਸਮੇਂ ਸ਼ਹਿਰ ਨੂੰ ਸਸਤੇ ਘਰ ਬਣਾਉਣ, ਸੁਰੱਖਿਆ ਪ੍ਰਬੰਧ ਪੁਖਤਾ ਕਰਨ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਰਗੇ ਅਹਿਮ ਕੰਮਾਂ ਵੱਲ ਧਿਆਨ ਦੇਣਾ ਚਾਹਿਦਾ ਹੈ, ਨਾ ਕਿ ਅਜਿਹੀਆਂ ਬਹਿਸਾਂ ਵਿੱਚ ਊਰਜਾ ਬਰਬਾਦ ਕਰਨੀ ਚਾਹੀਦੀ ਹੈ।
ਰੈਫਰੈਂਡਮ ਕਾਰਨ ਕੈਲਗਰੀ ਦੇ ਰੁਜ਼ਗਾਰ ਅਤੇ ਨਿਵੇਸ਼ ‘ਤੇ ਪੈ ਸਕਦਾ ਹੈ ਬੁਰਾ ਅਸਰ: ਮੇਅਰ ਜੇਰੋਮੀ ਫਾਰਕਸ





