ਕੈਲਗਰੀ, 1 ਜੂਨ (ਦੇਸ ਪੰਜਾਬ ਟਾਈਮਜ਼): ਫੂਡ ਬੈਂਕਸ ਕੈਨੇਡਾ ਦਾ ਕਹਿਣਾ ਹੈ ਕਿ ਦੇਸ਼ ਦਾ ਰੁਜ਼ਗਾਰ ਬੀਮਾ ਸਿਸਟਮ ਹੁਣ ਮੌਜੂਦਾ ਬਦਲਦੇ ਕੰਮਕਾਜੀ ਮਾਹੌਲ ਦੇ ਅਨੁਕੂਲ ਨਹੀਂ ਰਿਹਾ। ਸੰਸਥਾ ਦੀ ਤਾਜ਼ਾ ਗਰੀਬੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅੱਜ ਕੱਲ੍ਹ ਜ਼ਿਆਦਾਤਰ ਲੋਕ ਪਾਰਟ ਟਾਈਮ, ਆਰਜ਼ੀ ਅਤੇ ਕੰਟਰੈਕਟ ਵਾਲੀਆਂ ਨੌਕਰੀਆਂ ਕਰ ਰਹੇ ਹਨ। ਪਰ ਮੌਜੂਦਾ ਈਆਈ ਸਿਸਟਮ ਸਿਰਫ ਪੱਕੀਆਂ ਅਤੇ ਫੁੱਲ ਟਾਈਮ ਨੌਕਰੀਆਂ ਵਾਲੇ ਕਾਮਿਆਂ ਨੂੰ ਹੀ ਫਾਇਦਾ ਪਹੁੰਚਾਉਂਦਾ ਹੈ। ਸੰਸਥਾ ਦੀ ਮੁੱਖ ਕਾਰਜਕਾਰੀ ਕਰਸਟਿਨ ਬੀਅਰਡਸਲੇ ਨੇ ਕਿਹਾ ਕਿ ਇਹ ਪੁਰਾਣਾ ਈਆਈ ਸਿਸਟਮ ਕੈਨੇਡਾ ਦੇ ਭਵਿੱਖ ਲਈ ਇੱਕ ਖਤਰਾ ਬਣ ਰਿਹਾ ਹੈ। ਬੇਰੁਜ਼ਗਾਰੀ ਲਗਾਤਾਰ ਵੱਧ ਰਹੀ ਹੈ ਅਤੇ ਮਹਿੰਗਾਈ ਕਾਰਨ ਲੋਕਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਰਿਹਾ ਹੈ। ਈਆਈ ਪ੍ਰਾਪਤ ਕਰਨ ਲਈ ਕਾਮਿਆਂ ਨੂੰ ਇੱਕ ਨਿਸ਼ਚਿਤ ਸਮੇਂ ਵਿੱਚ ਕੁਝ ਖਾਸ ਘੰਟੇ ਕੰਮ ਕਰਨਾ ਲਾਜ਼ਮੀ ਹੁੰਦਾ ਹੈ। ਰਿਪੋਰਟ ਅਨੁਸਾਰ ਅਨਿਯਮਿਤ ਘੰਟਿਆਂ ਅਤੇ ਕਈ ਨੌਕਰੀਆਂ ਕਰਨ ਵਾਲੇ ਕਾਮਿਆਂ ਲਈ ਈਆਈ ਦੀਆਂ ਸ਼ਰਤਾਂ ਪੂਰੀਆਂ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਇਹ ਰੁਜ਼ਗਾਰ ਬੀਮਾ ਇੱਕ ਫੈਡਰਲ ਪ੍ਰੋਗਰਾਮ ਹੈ ਜੋ ਕਾਮਿਆਂ ਨੂੰ ਨੌਕਰੀ ਛੁੱਟਣ ਦੀ ਸੂਰਤ ਵਿੱਚ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ। ਇਹ ਔਸਤ ਹਫ਼ਤਾਵਾਰੀ ਕਮਾਈ ਦਾ ਲਗਭਗ 55 ਪ੍ਰਤੀਸ਼ਤ ਹਿੱਸਾ ਅਦਾ ਕਰਦਾ ਹੈ, ਜਿਸ ਦਾ ਮਤਲਬ ਹੈ ਕਿ 68900 ਡਾਲਰ ਸਾਲਾਨਾ ਆਮਦਨ ਵਾਲੇ ਵਿਅਕਤੀ ਨੂੰ ਵੱਧ ਤੋਂ ਵੱਧ 729 ਡਾਲਰ ਪ੍ਰਤੀ ਹਫ਼ਤਾ ਮਿਲ ਸਕਦੇ ਹਨ।
ਕੈਨੇਡਾ ਦਾ ਰੁਜ਼ਗਾਰ ਬੀਮਾ ਸਿਸਟਮ ਪੁਰਾਣਾ ਹੋਣ ਕਾਰਨ ਈਆਈ ਨਿਯਮਾਂ ਕਾਰਨ ਕਾਮਿਆਂ ਨੂੰ ਪਰੇਸ਼ਾਨੀ





