ਕੈਲਗਰੀ, 4 ਜੂਨ (ਦੇਸ ਪੰਜਾਬ ਟਾਈਮਜ਼): ਬ੍ਰਿਟਿਸ਼ ਕੋਲੰਬੀਆ ਦੇ ਰੁਜ਼ਗਾਰ ਮੰਤਰੀ ਰਵੀ ਕਾਹਲੋਂ ਦਾ ਮੰਨਣਾ ਹੈ ਕਿ ਕੈਨੇਡਾ ਦਾ ਅਮਰੀਕਾ ਅਤੇ ਮੈਕਸੀਕੋ ਨਾਲ ਜਲਦੀ ਕੋਈ ਨਵਾਂ ਵਪਾਰਕ ਸਮਝੌਤਾ ਹੋਣ ਦੀ ਸੰਭਾਵਨਾ ਨਹੀਂ ਹੈ। ਉਹਨਾਂ ਨੇ ਫੋਰਟ ਸੇਂਟ ਜੌਹਨ ਵਿਖੇ ਬੀਸੀ ਚੈਂਬਰ ਆਫ ਕਾਮਰਸ ਦੀ ਸਾਲਾਨਾ ਮੀਟਿੰਗ ਦੌਰਾਨ ਕਿਹਾ ਕਿ ਅਮਰੀਕਾ ਵੱਲੋਂ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਹੋ ਰਹੀ ਹੈ ਉਸਨੂੰ ਦੇਖਦਿਆਂ ਇਸ ਸਮੇਂ ਨਵੇਂ ਸਮਝੌਤੇ ਦੀ ਕੋਸ਼ਿਸ਼ ਕਰਨਾ ਸ਼ਾਇਦ ਫਾਇਦੇਮੰਦ ਨਹੀਂ ਹੈ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਟਰੰਪ ਪ੍ਰਸ਼ਾਸਨ ਕੈਨੇਡਾ ਸਮੇਤ 60 ਤੋਂ ਵੱਧ ਦੇਸ਼ਾਂ ਉੱਤੇ ਨਵੇਂ ਟੈਰਿਫ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। ਅਮਰੀਕਾ ਦਾ ਇਲਜ਼ਾਮ ਹੈ ਕਿ ਇਹ ਦੇਸ਼ ਮਜਬੂਰਨ ਮਜ਼ਦੂਰੀ ਨਾਲ ਤਿਆਰ ਸਾਮਾਨ ਨੂੰ ਆਪਣੀ ਸਪਲਾਈ ਚੇਨ ਵਿੱਚ ਆਉਣ ਦੇ ਰਹੇ ਹਨ। ਇਸਦੇ ਨਾਲ ਹੀ ਰਾਸ਼ਟਰਪਤੀ ਟਰੰਪ ਨੇ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀ ਟਿੱਪਣੀ ਵੀ ਦੁਹਰਾਈ ਹੈ। ਕਾਹਲੋਂ ਨੇ ਕਿਹਾ ਕਿ ਅਮਰੀਕੀ ਸਰਕਾਰ ਸਾਰਥਕ ਗੱਲਬਾਤ ਵਿੱਚ ਦਿਲਚਸਪੀ ਨਹੀਂ ਲੈ ਰਹੀ। ਕਾਰੋਬਾਰੀ ਭਾਈਚਾਰਾ ਵੀ ਚਿੰਤਤ ਹੈ ਕਿਉਂਕਿ ਹੋਰਨਾਂ ਦੇਸ਼ਾਂ ਨਾਲ ਕੀਤੇ ਗਏ ਸਮਝੌਤੇ ਵੀ ਅਮਰੀਕਾ ਵੱਲੋਂ ਤੋੜੇ ਜਾ ਰਹੇ ਹਨ। ਕੈਨੇਡਾ 1 ਜੁਲਾਈ ਨੂੰ ਕੁਸਮਾ ਸਮਝੌਤੇ ਦੇ ਨਵੀਨੀਕਰਨ ਦੀ ਉਮੀਦ ਕਰ ਰਿਹਾ ਹੈ। ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਵੱਲੋਂ ਮੰਗਲਵਾਰ ਰਾਤ ਨਵੇਂ ਟੈਰਿਫਾਂ ਦਾ ਐਲਾਨ ਕੀਤਾ ਗਿਆ। ਬੀਸੀ ਚੈਂਬਰ ਆਫ ਕਾਮਰਸ ਦੀ ਪ੍ਰਧਾਨ ਜੇਨ ਰਿਲੇ ਨੇ ਕਿਹਾ ਕਿ ਕਾਰੋਬਾਰੀਆਂ ਨੂੰ ਅਮਰੀਕਾ ਤੋਂ ਇਲਾਵਾ ਹੋਰ ਮੰਡੀਆਂ ਵਿੱਚ ਵੀ ਆਪਣੇ ਵਪਾਰਕ ਮੌਕੇ ਤਲਾਸ਼ਣੇ ਚਾਹੀਦੇ ਹਨ। ਕਾਹਲੋਂ ਨੇ ਸਪੱਸ਼ਟ ਕੀਤਾ ਕਿ ਮੌਜੂਦਾ ਕੁਸਮਾ ਸਮਝੌਤਾ ਅਗਲੇ ਇੱਕ ਦਹਾਕੇ ਤੱਕ ਖਤਮ ਨਹੀਂ ਹੋਵੇਗਾ। ਇਸ ਲਈ ਸ਼ਾਇਦ ਅਮਰੀਕੀ ਚੋਣਾਂ ਤੱਕ ਇੰਤਜ਼ਾਰ ਕਰਨਾ ਹੀ ਬਿਹਤਰ ਰਹੇਗਾ। ਹਾਲਾਂਕਿ ਜੇਕਰ ਮੌਜੂਦਾ ਸਿਧਾਂਤਾਂ ਦੇ ਅਧਾਰ ਤੇ ਕੋਈ ਨਵਾਂ ਸਮਝੌਤਾ ਹੁੰਦਾ ਹੈ ਤਾਂ ਇਹ ਸਾਰਿਆਂ ਲਈ ਲਾਹੇਵੰਦ ਹੋਵੇਗਾ।





