ਕੈਲਗਰੀ, 6 ਜੂਨ (ਦੇਸ ਪੰਜਾਬ ਟਾਈਮਜ਼):
ਸਿਟੀ ਆਫ ਕੈਲਗਰੀ ਦੀ ਇੱਕ ਨਵੀਂ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਡਾਊਨਟਾਊਨ ਦੇ ਕਾਰੋਬਾਰੀ ਅਤੇ ਜਾਇਦਾਦ ਮਾਲਕ ਸੂਬਾ ਸਰਕਾਰ ਦੇ ਗ੍ਰੀਨ ਲਾਈਨ ਐਲਆਰਟੀ ਨੂੰ ਜ਼ਮੀਨ ਤੋਂ ਉੱਪਰ ਬਣਾਉਣ ਵਾਲੇ ਪ੍ਰਸਤਾਵ ਦਾ ਸਖਤ ਵਿਰੋਧ ਕਰ ਰਹੇ ਹਨ। ਮੰਗਲਵਾਰ ਨੂੰ ਕਾਰਜਕਾਰੀ ਕਮੇਟੀ ਸਾਹਮਣੇ ਪੇਸ਼ ਕੀਤੀ ਜਾਣ ਵਾਲੀ ਇਸ ਰਿਪੋਰਟ ਅਨੁਸਾਰ ਇਸ ਪ੍ਰੋਜੈਕਟ ਦੇ ਪ੍ਰਸਤਾਵਿਤ ਰਸਤੇ ਉੱਤੇ ਆਉਣ ਵਾਲੇ 80 ਫੀਸਦੀ ਤੋਂ ਜ਼ਿਆਦਾ ਕਾਰੋਬਾਰੀਆਂ ਨੇ ਇਸਨੂੰ ਨਕਾਰਾਤਮਕ ਦੱਸਿਆ ਹੈ। ਦੂਜੇ ਪਾਸੇ 65 ਫੀਸਦੀ ਆਮ ਸ਼ਹਿਰੀਆਂ ਨੇ ਇਸ ਪ੍ਰੋਜੈਕਟ ਦਾ ਸਮਰਥਨ ਕੀਤਾ ਹੈ। ਰੈਸਟੋਰੈਂਟ ਮਾਲਕ ਜੌਹਨ ਬਾਟਾਸ ਦਾ ਕਹਿਣਾ ਹੈ ਕਿ ਇਸ ਨਾਲ ਟਰੈਫਿਕ ਜਾਮ ਵਧੇਗਾ ਅਤੇ ਕਾਰੋਬਾਰਾਂ ਦਾ ਬਚਣਾ ਮੁਸ਼ਕਲ ਹੋ ਜਾਵੇਗਾ। ਕੌਂਸਲਰ ਨਥਾਨਿਏਲ ਸ਼ਮਿਟ ਨੇ ਕਿਹਾ ਕਿ ਲੋਕ ਚਾਹੁੰਦੇ ਹਨ ਕਿ ਇਹ ਪ੍ਰੋਜੈਕਟ ਪੂਰਾ ਹੋਵੇ ਪਰ ਤਕਨੀਕੀ ਮੁਸ਼ਕਲਾਂ ਅਤੇ ਲਾਗਤ ਬਾਰੇ ਅਜੇ ਸਥਿਤੀ ਸਪੱਸ਼ਟ ਨਹੀਂ ਹੈ। ਸੂਬਾ ਸਰਕਾਰ ਨੇ ਆਪਣੇ ਫੈਸਲੇ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਜ਼ਮੀਨ ਤੋਂ ਉੱਪਰ ਰੇਲ ਲਾਈਨ ਬਣਾਉਣ ਨਾਲ ਸੁਰੰਗ ਬਣਾਉਣ ਉੱਤੇ ਆਉਣ ਵਾਲੇ ਅਰਬਾਂ ਡਾਲਰ ਦੇ ਖਰਚੇ ਨੂੰ ਬਚਾਇਆ ਜਾ ਸਕਦਾ ਹੈ। ਕਾਰੋਬਾਰੀ ਆਗੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਭਾਵਿਤ ਲੋਕਾਂ ਦੀਆਂ ਚਿੰਤਾਵਾਂ ਨੂੰ ਸਮਝੇ ਅਤੇ ਹੋਰ ਵਿਕਲਪਾਂ ਉੱਤੇ ਵਿਚਾਰ ਕਰੇ। ਬਾਟਾਸ ਨੇ ਟਰਾਂਸਪੋਰਟ ਮੰਤਰੀ ਡੇਵਿਨ ਡਰੀਸ਼ਨ ਨੂੰ ਮੌਕੇ ਦਾ ਜਾਇਜ਼ਾ ਲੈਣ ਲਈ ਬੁਲਾਇਆ ਸੀ ਪਰ ਉਨ੍ਹਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ।
ਗ੍ਰੀਨ ਲਾਈਨ ਐਲਆਰਟੀ ਪ੍ਰੋਜੈਕਟ: ਕੈਲਗਰੀ ਦੇ ਕਾਰੋਬਾਰੀਆਂ ਵੱਲੋਂ ਜ਼ਮੀਨ ਤੋਂ ਉੱਪਰ ਵਾਲੇ ਰੂਟ ਦਾ ਸਖਤ ਵਿਰੋਧ




