ਕੈਲਗਰੀ, 13 ਜੂਨ (ਦੇਸ ਪੰਜਾਬ ਟਾਈਮਜ਼):
ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਕੈਨੇਡੀਅਨ ਪਰਿਵਾਰਾਂ ਸਿਰ ਚੜ੍ਹਿਆ ਕਰਜ਼ਾ ਲਗਾਤਾਰ ਛੇਵੀਂ ਤਿਮਾਹੀ ਵਿੱਚ ਵੀ ਉਹਨਾਂ ਦੀ ਆਮਦਨ ਦੇ ਮੁਕਾਬਲੇ ਤੇਜ਼ੀ ਨਾਲ ਵਧਿਆ ਹੈ। ਏਜੰਸੀ ਨੇ ਦੱਸਿਆ ਕਿ ਇਸ ਸਾਲ ਦੀ ਪਹਿਲੀ ਤਿਮਾਹੀ ਵਿੱਚ ਘਰੇਲੂ ਡਿਸਪੋਜ਼ੇਬਲ ਆਮਦਨ ਦੇ ਮੁਕਾਬਲੇ ਕ੍ਰੈਡਿਟ ਮਾਰਕੀਟ ਕਰਜ਼ੇ ਦਾ ਅਨੁਪਾਤ 0.9 ਫੀਸਦੀ ਵਧ ਕੇ 179.6 ਫੀਸਦੀ ‘ਤੇ ਪਹੁੰਚ ਗਿਆ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਕੈਨੇਡਾ ਵਿੱਚ ਪਰਿਵਾਰਾਂ ਕੋਲ ਉਪਲਬਧ ਹਰ 1 ਡਾਲਰ ਦੀ ਆਮਦਨ ਦੇ ਮੁਕਾਬਲੇ ਲਗਭਗ 1.80 ਡਾਲਰ ਦਾ ਕਰਜ਼ਾ ਮੌਜੂਦ ਹੈ। ਰਿਪੋਰਟ ਮੁਤਾਬਕ ਸਾਲ 2026 ਦੀ ਪਹਿਲੀ ਤਿਮਾਹੀ ਵਿੱਚ ਘਰੇਲੂ ਕਰਜ਼ਾ ਸੇਵਾ ਅਨੁਪਾਤ, ਜੋ ਕਿ ਕਰਜ਼ੇ ਦੇ ਮੂਲ ਅਤੇ ਵਿਆਜ ਦੇ ਭੁਗਤਾਨ ਨੂੰ ਦਰਸਾਉਂਦਾ ਹੈ, ਵਧ ਕੇ 14.75 ਫੀਸਦੀ ਹੋ ਗਿਆ ਹੈ, ਜੋ 2025 ਦੀ ਚੌਥੀ ਤਿਮਾਹੀ ਵਿੱਚ 14.68 ਫੀਸਦੀ ਸੀ। ਪਹਿਲੀ ਤਿਮਾਹੀ ਦੌਰਾਨ ਕੈਨੇਡੀਅਨਾਂ ਦੁਆਰਾ ਲਏ ਗਏ ਕੁੱਲ ਕ੍ਰੈਡਿਟ ਮਾਰਕੀਟ ਉਧਾਰ, ਜਿਸ ਵਿੱਚ ਉਪਭੋਗਤਾ ਕ੍ਰੈਡਿਟ, ਮੋਰਗੇਜ ਅਤੇ ਹੋਰ ਲੋਨ ਸ਼ਾਮਲ ਹਨ, ਦਾ ਕੁੱਲ ਅੰਕੜਾ 35.5 ਬਿਲੀਅਨ ਡਾਲਰ ਰਹੀ। ਇਸ ਤਿਮਾਹੀ ਵਿੱਚ ਮੋਰਗੇਜ ਲੋਨਾਂ ਵਿੱਚ 22.6 ਬਿਲੀਅਨ ਡਾਲਰ ਦੀ ਗਿਰਾਵਟ ਦੇਖੀ ਗਈ, ਜਦੋਂ ਕਿ ਪਿਛਲੇ ਸਾਲ ਦੀ ਆਖਰੀ ਤਿਮਾਹੀ ਵਿੱਚ ਇਹ ਅੰਕੜਾ 26.3 ਮਿਲੀਅਨ ਡਾਲਰ ਸੀ। ਹਾਲਾਂਕਿ ਇਸ ਗਿਰਾਵਟ ਦਾ ਅਸਰ ਗੈਰ-ਮੋਰਗੇਜ ਕਰਜ਼ਿਆਂ ਅਤੇ ਉਪਭੋਗਤਾ ਕ੍ਰੈਡਿਟ ਵਿੱਚ ਹੋਏ ਵਾਧੇ ਕਾਰਨ ਬਰਾਬਰ ਹੋ ਗਿਆ। ਮਾਹਰਾਂ ਅਨੁਸਾਰ ਇਹ ਅੰਕੜੇ ਦੇਸ਼ ਵਿੱਚ ਵੱਧ ਰਹੇ ਵਿੱਤੀ ਤਣਾਅ ਅਤੇ ਮਹਿੰਗਾਈ ਦੇ ਪ੍ਰਭਾਵਾਂ ਨੂੰ ਸਪਸ਼ਟ ਰੂਪ ਵਿੱਚ ਦਰਸਾਉਂਦੇ ਹਨ।
ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ, ਹਰ 1 ਡਾਲਰ ਦੀ ਕਮਾਈ ਪਿੱਛੇ 1.80 ਡਾਲਰ ਦਾ ਕਰਜ਼ਾ




