ਕੈਲਗਰੀ, 16 ਜੂਨ, (ਦੇਸ ਪੰਜਾਬ ਟਾਈਮਜ਼): ਵੈਨਕੂਵਰ ਦੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੁਆਰਾ ਕੀਤੇ ਗਏ ਇੱਕ ਨਵੇਂ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਸ਼ਰਾਬ ਨੌਜਵਾਨਾਂ ਦੇ ਡੁੱਬਣ ਦੀਆਂ ਘਟਨਾਵਾਂ ਵਿੱਚ ਬਚਾਅ ਦੀ ਸੰਭਾਵਨਾ ਨੂੰ ਕਾਫ਼ੀ ਹੱਦ ਤੱਕ ਘਟਾ ਦਿੰਦੀ ਹੈ। ਮੈਡੀਸਨ ਸਾਇੰਸ ਐਂਡ ਲਾਅ ਵਿੱਚ ਪ੍ਰਕਾਸ਼ਿਤ ਇਸ ਅਧਿਐਨ ਵਿੱਚ ਕੈਨੇਡਾ ਵਿੱਚ ਬੱਚਿਆਂ ਦੇ ਡੁੱਬਣ ਕਾਰਨ ਹੋਈਆਂ 638 ਮੌਤਾਂ ਦੇ 11 ਸਾਲਾਂ ਦੇ ਫੋਰੈਂਸਿਕ ਡੇਟਾ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਮੌਤਾਂ ਵਿੱਚ 15 ਤੋਂ 19 ਸਾਲ ਦੇ ਨੌਜਵਾਨਾਂ ਦੀ ਗਿਣਤੀ 33.5 ਪ੍ਰਤੀਸ਼ਤ ਹੈ। ਇਸ ਤੋਂ ਇਲਾਵਾ 2 ਅਤੇ 4 ਸਾਲ ਦੇ ਬੱਚਿਆਂ ਦੀਆਂ ਮੌਤਾਂ 22 ਪ੍ਰਤੀਸ਼ਤ ਸਨ ਜਦਕਿ 5 ਤੋਂ 11 ਸਾਲ ਦੇ ਬੱਚੇ 20.5 ਪ੍ਰਤੀਸ਼ਤ ਦਾ ਹਿੱਸਾ ਸਨ। ਅਧਿਐਨ ਦੱਸਦਾ ਹੈ ਕਿ ਨਿੱਕੇ ਬੱਚਿਆਂ ਦੇ ਲਗਭਗ 96 ਪ੍ਰਤੀਸ਼ਤ ਮਾਮਲਿਆਂ ਵਿੱਚ ਬਚਾਅ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਨੌਜਵਾਨਾਂ ਨੂੰ ਬਚਾਏ ਜਾਣ ਦੀ ਸੰਭਾਵਨਾ 8 ਗੁਣਾ ਘੱਟ ਸੀ। ਸ਼ਰਾਬ ਦੀ ਮੌਜੂਦਗੀ ਨੇ ਵਿਅਕਤੀ ਨੂੰ ਨਾ ਬਚਾਏ ਜਾਣ ਦੇ ਜੋਖਮ ਨੂੰ 4 ਗੁਣਾ ਕਰ ਦਿੱਤਾ ਹੈ। ਮੁੱਖ ਖੋਜਕਰਤਾ ਵਿਏਨਾ ਲੈਮ ਦਾ ਕਹਿਣਾ ਹੈ ਕਿ ਇਹ ਅਧਿਐਨ ਪਾਣੀ ਵਾਲੇ ਸਥਾਨਾਂ ‘ਤੇ ਸਿਖਲਾਈ ਪ੍ਰਾਪਤ ਲਾਈਫਗਾਰਡਾਂ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ। ਉਹਨਾਂ ਨੇ ਵੈਨਕੂਵਰ ਪਾਰਕ ਬੋਰਡ ਦੇ ਉਸ ਫੈਸਲੇ ਦੀ ਸ਼ਲਾਘਾ ਕੀਤੀ ਜਿਸ ਤਹਿਤ ਸ਼ਹਿਰ ਦੇ 9 ਬੀਚਾਂ ‘ਤੇ ਲਾਈਫਗਾਰਡਾਂ ਨੂੰ ਦੁਬਾਰਾ ਤਾਇਨਾਤ ਕੀਤਾ ਜਾਵੇਗਾ। ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਨਾਬਾਲਗ ਬੱਚੇ ਦੂਜੇ ਬੱਚਿਆਂ ਦੇ ਬਚਾਅ ਲਈ ਯੋਗ ਨਿਗਰਾਨ ਸਾਬਤ ਨਹੀਂ ਹੁੰਦੇ ਹਨ।





