ਕੈਨੇਡਾ ਦੇ ਕੰਪੀਟੀਸ਼ਨ ਬਿਊਰੋ ਵੱਲੋਂ ਸੋਬੇਜ਼, ਫਾਰਮ ਬੁਆਏ, ਸੇਫਵੇਅ, ਆਈਜੀਏ, ਫੂਡਲੈਂਡ ਅਤੇ ਫ੍ਰੈਸ਼ਕੋ ਦੀ ਮੂਲ ਕੰਪਨੀ ਐਂਪਾਇਰ ਕੰਪਨੀ ਲਿਮਟਿਡ ਵਿਰੁੱਧ ਜਾਂਚ ਦਾ ਦਾਇਰਾ ਵਧਾ ਦਿੱਤਾ ਗਿਆ ਹੈ। ਇਹ ਜਾਂਚ ਇਸ ਗੱਲ ਦੀ ਕੀਤੀ ਜਾ ਰਹੀ ਹੈ ਕਿ ਕੀ ਕੰਪਨੀ ਵੱਲੋਂ ਪ੍ਰਾਪਰਟੀ ਕੰਟਰੋਲ (ਜਾਇਦਾਦ ਨਿਯੰਤਰਣ) ਦੀ ਕੀਤੀ ਜਾ ਰਹੀ ਵਰਤੋਂ ਕਾਰਨ ਗ੍ਰੋਸਰੀ ਮਾਰਕੀਟ ਵਿੱਚ ਮੁਕਾਬਲੇਬਾਜ਼ੀ ਪ੍ਰਭਾਵਿਤ ਹੋ ਰਹੀ ਹੈ। ਬਿਊਰੋ ਨੇ ਫੈਡਰਲ ਕੋਰਟ ਤੋਂ ਹੁਕਮ ਹਾਸਲ ਕੀਤੇ ਹਨ, ਜਿਸ ਤਹਿਤ ਐਂਪਾਇਰ ਕੰਪਨੀ ਨੂੰ ਆਪਣੇ ਲਿਖਤੀ ਰਿਕਾਰਡ ਅਤੇ ਮੌਖਿਕ ਗਵਾਹੀ ਪੇਸ਼ ਕਰਨੀ ਪਵੇਗੀ। ਪ੍ਰਾਪਰਟੀ ਕੰਟਰੋਲ ਵਪਾਰਕ ਰੀਅਲ ਅਸਟੇਟ ‘ਤੇ ਲਗਾਈਆਂ ਜਾਣ ਵਾਲੀਆਂ ਅਜਿਹੀਆਂ ਪਾਬੰਦੀਆਂ ਹੁੰਦੀਆਂ ਹਨ, ਜੋ ਮੁਕਾਬਲੇਬਾਜ਼ ਕੰਪਨੀਆਂ ਨੂੰ ਨੇੜੇ ਦੁਕਾਨਾਂ ਖੋਲ੍ਹਣ ਤੋਂ ਰੋਕਦੀਆਂ ਹਨ। ਲੀਜ਼ ਦੇ ਅੰਦਰ ਅਜਿਹੀਆਂ ਸ਼ਰਤਾਂ ਰੱਖੀਆਂ ਜਾਂਦੀਆਂ ਹਨ ਜੋ ਮਾਲਕ ਨੂੰ ਕਿਸੇ ਹੋਰ ਵਿਰੋਧੀ ਕੰਪਨੀ ਨੂੰ ਜਗ੍ਹਾ ਕਿਰਾਏ ‘ਤੇ ਦੇਣ ਤੋਂ ਰੋਕਦੀਆਂ ਹਨ। ਕੰਪੀਟੀਸ਼ਨ ਬਿਊਰੋ ਵੱਲੋਂ ਅਜਿਹੀ ਹੀ ਇੱਕ ਜਾਂਚ ਲੋਬਲਾਅਜ਼ ਖਿਲਾਫ ਵੀ ਚਲਾਈ ਜਾ ਰਹੀ ਹੈ। ਪਹਿਲਾਂ ਇਹ ਜਾਂਚ ਸਿਰਫ਼ ਹੈਲੀਫੈਕਸ ਖੇਤਰ ਤੱਕ ਸੀਮਿਤ ਸੀ ਪਰ ਹੁਣ ਇਸ ਦਾ ਦਾਇਰਾ ਪੂਰੇ ਕੈਨੇਡਾ ਵਿੱਚ ਵਧਾ ਦਿੱਤਾ ਗਿਆ ਹੈ। ਬਿਊਰੋ ਮੁਤਾਬਕ ਗ੍ਰੋਸਰੀ ਉਦਯੋਗ ਵਿੱਚ ਮੁਕਾਬਲੇਬਾਜ਼ੀ ਦੀ ਕਮੀ ਕਾਰਨ ਕੀਮਤਾਂ ਵਧਦੀਆਂ ਹਨ ਅਤੇ ਚੀਜ਼ਾਂ ਦੀ ਗੁਣਵੱਤਾ ਤੇ ਉਪਲਬਧਤਾ ਘਟਦੀ ਹੈ। ਹਾਲਾਂਕਿ ਅਜੇ ਤੱਕ ਕੰਪਨੀ ਦੇ ਕਿਸੇ ਗਲਤ ਕੰਮ ਦਾ ਅੰਤਿਮ ਨਿਸ਼ਕਰਸ਼ ਨਹੀਂ ਨਿਕਲਿਆ ਹੈ। ਮੈਨੀਟੋਬਾ ਸਰਕਾਰ ਨੇ ਵੀ ਅਪ੍ਰੈਲ ਮਹੀਨੇ ਵਿੱਚ ਸੋਬੇਜ਼ ਖਿਲਾਫ ਵੱਖਰੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਸੀ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਕੰਪਨੀ ਕਾਨੂੰਨ ਬਣਨ ਦੇ ਬਾਵਜੂਦ ਅਜੇ ਵੀ ਪ੍ਰਾਪਰਟੀ ਪਾਬੰਦੀਆਂ ਲਾਗੂ ਰੱਖ ਰਹੀ ਹੈ। ਇਸ ਤੋਂ ਪਹਿਲਾਂ ਜਨਵਰੀ 2025 ਵਿੱਚ ਐਂਪਾਇਰ ਕੰਪਨੀ ਨੇ ਅਲਬਰਟਾ ਦੇ ਕਰੋਸਨੈਸਟ ਪਾਸ ਇਲਾਕੇ ਵਿੱਚੋਂ ਅਜਿਹੀ ਪਾਬੰਦੀ ਹਟਾਉਣ ਲਈ ਬਿਊਰੋ ਨਾਲ ਸਮਝੌਤਾ ਕੀਤਾ ਸੀ, ਜਿੱਥੇ ਸਿਰਫ਼ ਇੱਕੋ ਆਈਜੀਏ ਸਟੋਰ ਮੌਜੂਦ ਸੀ। ਇਹ ਜਾਂਚ ਸਾਲ 2022 ਵਿੱਚ ਸ਼ੁਰੂ ਕੀਤੇ ਗਏ ਉਸ ਅਧਿਐਨ ਦਾ ਹਿੱਸਾ ਹੈ ਜਿਸ ਵਿੱਚ ਦੇਸ਼ ਅੰਦਰ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਵਧਦੀਆਂ ਕੀਮਤਾਂ ਦੇ ਕਾਰਨਾਂ ਦੀ ਪਛਾਣ ਕੀਤੀ ਜਾ ਰਹੀ ਸੀ। ਮਈ ਮਹੀਨੇ ਵਿੱਚ ਕੈਨੇਡਾ ਦੀ ਕੁੱਲ ਮਹਿੰਗਾਈ ਦਰ 3.2 ਫੀਸਦੀ ਰਹੀ ਸੀ, ਜਦਕਿ ਖਾਧ ਪਦਾਰਥਾਂ ਦੀਆਂ ਕੀਮਤਾਂ ਵਿੱਚ 4.4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ।





