ਕੈਲਗਰੀ, 24 ਅਗਸਤ (ਦੇਸ ਪੰਜਾਬ ਟਾਈਮਜ਼): ਅਮਰੀਕਾ ਅਤੇ ਕੈਨੇਡਾ ਵਿਚਾਲੇ ਵਪਾਰਕ ਗੱਲਬਾਤ ਟੁੱਟਣ ਤੋਂ ਬਾਅਦ ਦੋਹਾਂ ਦੇਸ਼ਾਂ ਦਰਮਿਆਨ ਵਪਾਰਕ ਜੰਗ ਹੋਰ ਤੇਜ਼ ਹੋ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਬਾਰੇ ਆਪਣੀ 51ਵਾਂ ਸੂਬਾ ਕਹਿਣ ਵਾਲੀ ਬਿਆਨਬਾਜ਼ੀ ਨੂੰ ਮੁੜ ਦੁਹਰਾਇਆ ਹੈ। ਟਰੰਪ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੈਨੇਡਾ ਅਮਰੀਕਾ ਦਾ ਸੂਬਾ ਬਣੇ ਬਿਨਾਂ ਹੀ ਸੂਬੇ ਵਾਲੇ ਸਾਰੇ ਫਾਇਦੇ ਲੈਣਾ ਚਾਹੁੰਦਾ ਹੈ। ਉਨ੍ਹਾਂ ਇਹ ਵੀ ਇਲਜ਼ਾਮ ਲਗਾਇਆ ਕਿ ਕੈਨੇਡਾ ਨੇ ਕਈ ਸਾਲਾਂ ਤੋਂ ਅਮਰੀਕੀ ਕਿਸਾਨਾਂ ਉੱਤੇ ਭਾਰੀ ਟੈਰਿਫ ਲਗਾਏ ਹੋਏ ਹਨ। ਦੂਜੇ ਪਾਸੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਵਪਾਰਕ ਵਾਰਤਾਕਾਰਾਂ ਨੂੰ ਵਾਸ਼ਿੰਗਟਨ ਤੋਂ ਵਾਪਸ ਬੁਲਾ ਲਿਆ ਹੈ। ਕੈਨੇਡਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਅਮਰੀਕਾ ਵੱਲੋਂ ਲਗਾਏ ਗਏ 50 ਫੀਸਦੀ ਟੈਰਿਫ ਦਾ ਜਵਾਬ ਉਸੇ ਤਰ੍ਹਾਂ ਦੇਵੇਗਾ। ਕੈਨੇਡਾ ਵੱਲੋਂ ਸਟੀਲ ਅਤੇ ਡੇਅਰੀ ਵਰਗੇ ਉਦਯੋਗਾਂ ਉੱਤੇ ਬਰਾਬਰ ਦਾ ਟੈਰਿਫ ਲਗਾਇਆ ਜਾਵੇਗਾ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਅਸੀਂ ਅਮਰੀਕਾ ਦੀ ਪੇਸ਼ਕਸ਼ ਨੂੰ ਸਵੀਕਾਰ ਨਹੀਂ ਕਰ ਸਕਦੇ ਅਤੇ ਜੋ ਉਹ ਮੰਗ ਰਹੇ ਹਨ ਉਹ ਅਸੀਂ ਦੇ ਨਹੀਂ ਸਕਦੇ। ਫੈਡਰਲ ਸਰਕਾਰ ਦੇ ਦਫ਼ਤਰ ਮੁਤਾਬਕ ਇਹ ਜਵਾਬੀ ਟੈਰਿਫ 8 ਸਤੰਬਰ ਤੋਂ ਲਾਗੂ ਹੋ ਜਾਣਗੇ। ਵਪਾਰਕ ਸਮਝੌਤੇ ਵਿੱਚ ਆਟੋ ਟੈਰਿਫ ਅਤੇ ਟਰੱਕਾਂ ਵਰਗੇ ਵਾਹਨਾਂ ਨੂੰ ਸ਼ਾਮਲ ਕਰਨ ਦੇ ਮੁੱਦੇ ਉੱਤੇ ਸਹਿਮਤੀ ਨਹੀਂ ਬਣ ਸਕੀ ਸੀ ਜਿਸ ਕਾਰਨ ਗੱਲਬਾਤ ਰੱਦ ਹੋ ਗਈ।





