ਕੈਲਗਰੀ, 6 ਜੂਨ (ਦੇਸ ਪੰਜਾਬ ਟਾਈਮਜ਼):
ਫੀਫਾ ਅਧਿਕਾਰੀਆਂ ਨੇ ਵਿਸ਼ਵ ਕੱਪ ਮੈਚਾਂ ਦੌਰਾਨ ਪਾਣੀ ਦੀਆਂ ਬੋਤਲਾਂ ਉੱਤੇ ਲੱਗੀ ਪਾਬੰਦੀ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਫੀਫਾ ਵਿਸ਼ਵ ਕੱਪ 2026 ਦੇ ਚੀਫ ਆਪਰੇਟਿੰਗ ਅਫਸਰ ਹੀਮੋ ਸ਼ਿਰਗੀ ਨੇ ਦੱਸਿਆ ਕਿ ਪ੍ਰਸ਼ੰਸਕ ਹੁਣ ਸਟੇਡੀਅਮਾਂ ਵਿੱਚ 20 ਔਂਸ ਯਾਨੀ ਕਿ 590 ਮਿਲੀਲੀਟਰ ਦੀ ਫੈਕਟਰੀ ਵਿੱਚ ਸੀਲਬੰਦ ਇੱਕ ਨਰਮ ਪਲਾਸਟਿਕ ਦੀ ਪਾਣੀ ਵਾਲੀ ਬੋਤਲ ਲਿਜਾ ਸਕਦੇ ਹਨ। ਸੁਰੱਖਿਆ ਕਾਰਨਾਂ ਕਰਕੇ ਸਖਤ ਪਲਾਸਟਿਕ ਦੀਆਂ ਬੋਤਲਾਂ ਲਿਜਾਣ ਦੀ ਮਨਾਹੀ ਰਹੇਗੀ। ਇਹ ਨਿਯਮ ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਵਿੱਚ ਖੇਡੇ ਜਾਣ ਵਾਲੇ ਮੈਚਾਂ ਉੱਤੇ ਲਾਗੂ ਹੋਵੇਗਾ। ਮੈਕਸੀਕੋ ਬਾਰੇ ਫਿਲਹਾਲ ਸਥਿਤੀ ਸਪੱਸ਼ਟ ਨਹੀਂ ਹੈ। ਤਿੰਨ ਹਫ਼ਤੇ ਪਹਿਲਾਂ ਫੀਫਾ ਨੇ ਕਿਹਾ ਸੀ ਕਿ ਦਰਸ਼ਕ 1 ਲੀਟਰ ਤੱਕ ਦੀਆਂ ਖਾਲੀ ਅਤੇ ਪਾਰਦਰਸ਼ੀ ਬੋਤਲਾਂ ਲਿਆ ਸਕਦੇ ਹਨ ਪਰ ਬਾਅਦ ਵਿੱਚ ਇਸ ਫੈਸਲੇ ਨੂੰ ਬਦਲ ਦਿੱਤਾ ਗਿਆ ਸੀ। ਹੁਣ ਪ੍ਰਸ਼ੰਸਕਾਂ ਨੂੰ ਸਟੇਡੀਅਮ ਦੇ ਅੰਦਰੋਂ ਹੀ ਪਾਣੀ ਖਰੀਦਣ ਦੀ ਬਜਾਏ ਬਾਹਰੋਂ ਸੀਲਬੰਦ ਬੋਤਲ ਲਿਆਉਣ ਦੀ ਛੋਟ ਮਿਲ ਗਈ ਹੈ। ਇਸ ਮਹੀਨੇ ਮੈਕਸੀਕੋ ਸਿਟੀ ਵਿੱਚ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਵਿੱਚ 48 ਟੀਮਾਂ ਹਿੱਸਾ ਲੈ ਰਹੀਆਂ ਹਨ। ਉੱਤਰੀ ਅਮਰੀਕਾ ਵਿੱਚ ਟੋਰਾਂਟੋ ਅਤੇ ਵੈਨਕੂਵਰ ਸਮੇਤ 16 ਸਥਾਨਾਂ ਉੱਤੇ ਮੈਚ ਕਰਵਾਏ ਜਾਣਗੇ।
ਫੀਫਾ ਵਿਸ਼ਵ ਕੱਪ: ਸਟੇਡੀਅਮਾਂ ਵਿੱਚ ਪਾਣੀ ਦੀਆਂ ਬੋਤਲਾਂ ਲਿਜਾਣ ਦੀ ਮਿਲੀ ਇਜਾਜ਼ਤ




