ਕੈਲਗਰੀ, 22 ਜੂਨ (ਦੇਸ ਪੰਜਾਬ ਟਾਈਮਜ਼): ਬ੍ਰਿਟਿਸ਼ ਟਰਾਂਸਪੋਰਟ ਪੁਲਿਸ ਅਨੁਸਾਰ ਸ਼ੁੱਕਰਵਾਰ ਨੂੰ ਲੰਡਨ ਤੋਂ ਕਰੀਬ 60 ਮੀਲ ਉੱਤਰ ਵੱਲ ਦੋ ਰੇਲਗੱਡੀਆਂ ਦੀ ਟੱਕਰ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਐਮਰਜੈਂਸੀ ਸੇਵਾਵਾਂ ਨੂੰ ਸ਼ਾਮ 5:15 ਵਜੇ ਬੈੱਡਫੋਰਡ ਦੇ ਦੱਖਣ ਵੱਲ ਬੁਲਾਇਆ ਗਿਆ, ਜਿੱਥੇ ਈਸਟ ਮਿਡਲੈਂਡਸ ਰੇਲਵੇ ਦੀਆਂ ਦੋ ਗੱਡੀਆਂ ਇਸ ਹਾਦਸੇ ਦਾ ਸ਼ਿਕਾਰ ਹੋਈਆਂ। ਹਾਦਸੇ ਵਿੱਚ ਇੱਕ ਰੇਲਗੱਡੀ ਦਾ ਅਗਲਾ ਹਿੱਸਾ ਦੂਜੀ ਗੱਡੀ ਦੇ ਪਿਛਲੇ ਹਿੱਸੇ ਨਾਲ ਬੁਰੀ ਤਰ੍ਹਾਂ ਟਕਰਾ ਗਿਆ, ਹਾਲਾਂਕਿ ਡੱਬੇ ਪਟੜੀ ਉੱਤੇ ਹੀ ਰਹੇ। ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਇੱਕ ਬਿਆਨ ਜਾਰੀ ਕਰਕੇ ਇਸ ਦੁਖਦਾਈ ਘਟਨਾ ਵਿੱਚ ਜਾਨ ਗਵਾਉਣ ਵਾਲੇ ਵਿਅਕਤੀ ਦੇ ਪਰਿਵਾਰ ਅਤੇ ਗੰਭੀਰ ਜ਼ਖਮੀਆਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਈਸਟ ਆਫ ਇੰਗਲੈਂਡ ਐਂਬੂਲੈਂਸ ਸਰਵਿਸ ਨੇ ਮੌਕੇ ਉੱਤੇ 20 ਤੋਂ ਵੱਧ ਐਂਬੂਲੈਂਸਾਂ ਅਤੇ 6 ਏਅਰ ਐਂਬੂਲੈਂਸਾਂ ਭੇਜੀਆਂ ਹਨ। ਅਧਿਕਾਰੀਆਂ ਮੁਤਾਬਕ ਇਸ ਹਾਦਸੇ ਵਿੱਚ 11 ਲੋਕਾਂ ਨੂੰ ਬਹੁਤ ਗੰਭੀਰ ਸੱਟਾਂ ਲੱਗੀਆਂ ਹਨ, 22 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਅਤੇ 56 ਲੋਕਾਂ ਨੂੰ ਮਾਮੂਲੀ ਸੱਟਾਂ ਆਈਆਂ ਹਨ। ਪੁਲਿਸ ਵੱਲੋਂ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਰਾਹਤ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ। ਇੱਕ ਯਾਤਰੀ ਅਨੁਸਾਰ ਟੱਕਰ ਬਹੁਤ ਅਚਾਨਕ ਹੋਈ ਸੀ, ਜਿਸ ਨਾਲ ਡੱਬਾ ਪਟੜੀ ਤੋਂ ਉਤਰ ਗਿਆ।
ਬ੍ਰਿਟੇਨ ਵਿੱਚ ਰੇਲ ਹਾਦਸੇ ਦੌਰਾਨ ਦਰਜਨਾਂ ਯਾਤਰੀ ਜ਼ਖਮੀ, ਪ੍ਰਧਾਨ ਮੰਤਰੀ ਨੇ ਪ੍ਰਗਟਾਇਆ ਦੁੱਖ





